ਨਵੀਂ ਦਿੱਲੀ, 27 ਅਗਸਤ
ਕੇਂਦਰੀ ਵਿੱਤ ਮੰਤਰਾਲੇ ਨੇ ਸਰਕਾਰੀ ਬੈਂਕਾਂ ਨੂੰ ਉਨ੍ਹਾਂ ਮਾਮਲਿਆਂ ਨੂੰ ਦੇਖਣ ਲਈ ਕਿਹਾ ਹੈ ਜਿੱਥੇ ਕਰਜ਼ਾ ਨਾ ਭਰਨ ਵਾਲੇ ਕਾਰਪੋਰੇਟ ਦੇਣਦਾਰਾਂ ਦੀ ਨਿੱਜੀ ਗਾਰੰਟੀ ਚੁੱਕਣ ਵਾਲਿਆਂ ’ਤੇ ਦੀਵਾਲੀਆ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਬੈਂਕਾਂ ਨੂੰ ਕਰਜ਼ੇ ਦੇਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਬੈਂਕਾਂ ਨੂੰ ਅੱਗੇ ਵੱਧ ਕੇ ਕਰਜ਼ਾ ਦੇਣਾ ਚਾਹੀਦਾ ਹੈ ਅਤੇ ਧੋਖਾਧੜੀ ਨੂੰ ਸਮਝਣ ਦੇ ਪੁਖ਼ਤਾ ਇੰਤਜ਼ਾਮ ਕਰਨੇ ਚਾਹੀਦੇ ਹਨ।
ਕੇਂਦਰੀ ਵਿੱਤੀ ਸੇਵਾ ਵਿਭਾਗ ਨੇ ਜਨਤਕ ਖੇਤਰ ਦੀਆਂ ਬੈਂਕਾਂ (ਪੀਐੱਸੀ) ਨੂੰ ਇੱਕ ਸਲਾਹ ’ਚ ਉਨ੍ਹਾਂ ਮਾਮਲਿਆਂ ਦੀ ਨਿਗਰਾਨੀ ਕਰਨ ’ਤੇ ਵਿਚਾਰ ਕਰਨ ਨੂੰ ਕਿਹਾ ਜਿਨ੍ਹਾਂ ’ਚ ਕੌਮੀ ਕੰਪਨੀ ਕਾਨੂੰਨ ਟ੍ਰਿਬਿਊਨਲ ਦੇ ਸਾਹਮਣੇ ਨਿੱਜੀ ਦੀਵਾਲੀਆ ਪ੍ਰਕਿਰਿਆ ਸ਼ੁਰੂ ਕਰਨ ਦੀ ਜ਼ਰੂਰਤ ਪੈ ਸਕਦੀ ਹੈ। ਸਲਾਹ ’ਚ ਕਿਹਾ ਗਿਆ ਹੈ ਕਿ ਅਜਿਹੇ ਮਾਮਲਿਆਂ ’ਚ ਨਿੱਜੀ ਗਾਰੰਟਰ ਤੋਂ ਲੈ ਕੇ ਕਾਰਪੋਰੇਟ ਕਰਜ਼ਦਾਰ ਦੇ ਅੰਕੜੇ ਜਮ੍ਹਾਂ ਕਰਨ ਲਈ ਇੱਕ ਆਈਟੀ ਪ੍ਰਣਾਲੀ ਸਥਾਪਤ ਕਰਨ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਸਬੰਧੀ ਬਣੇ ਕਾਨੂੰਨ (ਆਈਬੀਸੀ) ਤਹਿਤ ਕਾਰਪੋਰੇਟ ਦੇਣਦਾਰਾਂ ਦੇ ਮਾਮਲੇ ’ਚ ਨਿੱਜੀ ਤੌਰ ’ਤੇ ਗਾਰੰਟੀ ਦੇਣ ਵਾਲਿਆਂ ਖ਼ਿਲਾਫ਼ ਦੀਵਾਲੀਆ ਕਾਰਵਾਈ ਸ਼ੁਰੂ ਕਰਨ ਦੀ ਮੱਦ ਹੈ। ਦੂਜੇ ਪਾਸੇ ਆਰਬੀਆਈ ਗਵਰਨਰ ਨੇ ਇੱਕ ਵੈੱਬ ਗੋਸ਼ਟੀ ਦੌਰਾਨ ਕਿਹਾ ਕਿ ਕੋਵਿਡ-19 ਸੰਕਟ ਦੌਰਾਨ ਵੀ ਬੈਂਕ ਪ੍ਰਣਾਲੀ ਮਜ਼ਬੂਤ ਬਣੀ ਹੋਈ ਹੈ। ਉਨ੍ਹਾਂ ਬੈਂਕਾਂ ਨੂੰ ਕਿਹਾ ਕਿ ਉਹ ਧੋਖਾਧੜੀ ਤੋਂ ਬਚਣ ਲਈ ਆਪਣੀ ਸਮਰੱਥਾ ’ਚ ਸੁਧਾਰ ਲਿਆਉਣ। ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਕਰਜ਼ ਦੇਣ ਤੋਂ ਬਚਣ ਦੀ ਥਾਂ ਆਪਣੇ ਪ੍ਰਬੰਧਨ ਤੇ ਪ੍ਰਸ਼ਾਸਨ ’ਚ ਸੁਧਾਰ ਕਰਨਾ ਚਾਹੀਦਾ ਹੈ। -ਪੀਟੀਆਈ
ਆਰਬੀਆਈ ਦੇ ਤਰਕਸ਼ ’ਚ ਅਜੇ ਹੋਰ ਵੀ ਤੀਰ: ਦਾਸ
ਮੁੰਬਈ: ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਭਾਵੇਂ ਦਰਾਂ ’ਚ ਕਟੌਤੀ ਹੋਵੇ ਜਾ ਫਿਰ ਨੀਤੀਗਤ ਕਦਮ, ਆਰਬੀਆਈ ਦੇ ਤਰਕਸ਼ ’ਚ ਤੀਰ ਖਤਮ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ਆਰਬੀਆਈ ਆਪਣੇ ਹਥਿਆਰਾਂ ਨੂੰ ਬਚਾ ਕੇ ਰੱਖਣਾ ਚਾਹੁੰਦਾ ਹੈ। ਇਸ ਲਈ ਮਹੀਨੇ ਦੀ ਸ਼ੁਰੂਆਤ ’ਚ ਨੀਤੀਗਤ ਸਮੀਖਿਆ ਦੌਰਾਨ ਸਥਿਤੀ ਜਿਉਂ ਦੀ ਤਿਉਂ ਬਣਾਏ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। -ਪੀਟੀਆਈ