ਮੁੰਬਈ, 2 ਜੂਨ
ਮੁੰਬਈ ਵਿਚ ਇਕ ਵਿਸ਼ੇਸ਼ ਅਦਾਲਤ ਨੇ ਕਿਹਾ ਕਿ ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਨੂੰ ਨੁਕਸਾਨ ਝੱਲਣਾ ਪਿਆ ਹੈ ਪਰ ਫਿਲਹਾਲ ਅਸਲ ਨੁਕਸਾਨ ਦਾ ਪਤਾ ਲਾਉਣਾ ਅਸੰਭਵ ਹੈ। ਹਾਲਾਂਕਿ, ਅਦਾਲਤ ਨੇ ਕਿਹਾ ਕਿ ਬੈਂਕਾਂ ਦਾ 6200 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਦਾਅਵਾ ਕਾਲਪਨਿਕ ਨਹੀਂ ਹੈ। ਕਾਲੇ ਧਨ ਨੂੰ ਸਫ਼ੈਦ ਕਰਨ ਤੋਂ ਰੋਕਣ ਸਬੰਧੀ ਐਕਟ (ਪੀਐੱਮਐੱਲਏ) ਸਬੰਧੀ ਅਦਾਲਤ ਦੇ ਜੱਜ ਜੇ.ਸੀ. ਜਗਦਲੇ ਨੇ ਹਾਲ ਦੇ ਆਪਣੇ ਹੁਕਮਾਂ ਵਿਚ ਇਹ ਟਿੱਪਣੀਆਂ ਕੀਤੀਆਂ ਜਿਨ੍ਹਾਂ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜ਼ਬਤ ਮਾਲਿਆ ਦੀ ਜਾਇਜਾਦ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਦੀ ਐਸੋਸੀਏਸ਼ਨ ਅਧੀਨ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਜੱਜ ਨੇ ਇਕ ਹਫ਼ਤੇ ਦੇ ਅੰਦਰ ਦੋ ਅਜਿਹੇ ਹੁਕਮ ਜਾਰੀ ਕੀਤੇ ਜਿਨ੍ਹਾਂ ਨੂੰ ਅੱਜ ਜਨਤਕ ਕੀਤਾ ਗਿਆ। -ਪੀਟੀਆਈ