ਨਵੀਂ ਦਿੱਲੀ, 11 ਅਪਰੈਲ
ਦੇਸ਼ ਦੇ ਕਈ ਬੈਂਕ ਖਾਸ ਕਰ ਕੇ ਸਟੇਟ ਬੈਂਕ ਆਫ ਇੰਡੀਆ ਵਲੋਂ ਜ਼ੀਰੋ ਬੈਂਲੈਂਸ ਜਾਂ ਬੇਸਿਕ ਸੇਵਿੰਗਜ਼ ਬੈਂਕ ਡਿਪਾਜ਼ਿਟ ਅਕਾਊਂਟਸ (ਬੀਐਸਬੀਡੀਏ) ਵਾਲੇ ਗਰੀਬ ਖਾਤਾਧਾਰਕਾਂ ਕੋਲੋਂ ਕਈ ਸੇਵਾਵਾਂ ਦੀ ਵਾਧੂ ਵਸੂਲੀ ਕੀਤੀ ਜਾ ਰਹੀ ਹੈ। ਇਹ ਖੁਲਾਸਾ ਆਈਆਈਟੀ-ਬੰਬੇ ਵਲੋਂ ਕੀਤੀ ਖੋਜ ਤੋਂ ਸਾਹਮਣੇ ਆਇਆ ਹੈ। ਇਹ ਵੀ ਸਾਹਮਣੇ ਆਇਆ ਕਿ ਐਸਬੀਆਈ ਵਲੋਂ ਮਹੀਨੇ ਵਿਚ ਚਾਰ ਵਾਰ ਤੋਂ ਵੱਧ ਲੈਣ-ਦੇਣ ਕਰਨ ’ਤੇ ਹਰ ਵਾਰ 17.70 ਰੁਪਏ ਵਸੂਲੇ ਜਾਂਦੇ ਹਨ ਜੋ ਜਾਇਜ਼ ਨਹੀਂ ਹਨ। ਐਸਬੀਆਈ ਵਲੋਂ 12 ਕਰੋੜ ਬੀਐਬੀਡੀਏ ਖਾਤਾਧਾਰਕਾਂ ਕੋਲੋਂ ਸਾਲ 2015-20 ਵਿੱਚ ਇਨ੍ਹਾਂ ਸੇਵਾਵਾਂ ਦੀ 300 ਕਰੋੜ ਦੇ ਕਰੀਬ ਵਸੂਲੀ ਕੀਤੀ ਗਈ ਜਦਕਿ ਦੇਸ਼ ਦੇ ਦੂਜੇ ਵੱਡੇ ਬੈਂਕ ਪੰਜਾਬ ਨੈਸ਼ਨਲ ਬੈਂਕ ਵਲੋਂ ਉਕਤ ਸਮੇਂ ਵਿਚ 9.9 ਕਰੋੜ ਖਾਤਾਧਾਰਕਾਂ ਕੋਲੋਂ 3.9 ਕਰੋੜ ਰੁਪਏ ਵਸੂਲੇ ਗਏ। ਇਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਿਰਦੇਸ਼ਾਂ ਨੂੰ ਤਰੀਕੇ ਨਾਲ ਨਜ਼ਰਅੰਦਾਜ਼ ਕਰ ਕੇ ਕੀਤਾ ਜਾ ਰਿਹਾ ਹੈ। ਇਸ ਨਾਜਾਇਜ਼ ਵਸੂਲੀ ਵਿਚ ਸਟੇਟ ਬੈਂਕ ਆਫ ਇੰਡੀਆ ਸਭ ਤੋਂ ਉਪਰ ਹੈ।