ਨਵੀਂ ਦਿੱਲੀ, 5 ਜੁਲਾਈ
ਈਡੀ ਨੇ ਮਨੀ ਲਾਂਡਰਿੰਗ ਦੇ ਇਕ ਕੇਸ ਵਿਚ ਦਿੱਲੀ ਅਧਾਰਿਤ ਸ਼ਕਤੀ ਭੋਗ ਫੂਡਜ਼ ਲਿਮਟਿਡ ਦੇ ਚੇਅਰਮੈਨ ਤੇ ਸੀਐਮਡੀ ਕੇਵਲ ਕ੍ਰਿਸ਼ਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਾਲੇ ਧਨ ਨੂੰ ਸਫ਼ੈਦ ਕਰਨ ਦਾ ਮਾਮਲਾ ਕਥਿਤ ਤੌਰ ’ਤੇ ਬਹੁ-ਕਰੋੜੀ ਬੈਂਕ ਕਰਜ਼ਾ ਘੁਟਾਲੇ ਨਾਲ ਜੁੜਿਆ ਹੋਇਆ ਹੈ। ਕੁਮਾਰ ਨੂੰ ਐਤਵਾਰ ਗ੍ਰਿਫ਼ਤਾਰ ਕਰ ਕੇ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ਨੂੰ 9 ਜੁਲਾਈ ਤੱਕ ਈਡੀ ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਏਜੰਸੀ ਨੇ ਦਿੱਲੀ ਤੇ ਹਰਿਆਣਾ ਵਿਚ ਕਰੀਬ ਨੌਂ ਥਾਵਾਂ ਉਤੇ ਛਾਪੇ ਮਾਰੇ। ਈਡੀ ਨੇ ਕਿਹਾ ਕਿ ਛਾਪਿਆਂ ਦੌਰਾਨ ਕਈ ਸ਼ੱਕੀ ਦਸਤਾਵੇਜ਼ ਬਰਾਮਦ ਹੋਏ ਹਨ। ਈਡੀ ਦਾ ਕੇਸ ਸੀਬੀਆਈ ਦੀ ਇਕ ਐਫਆਈਆਰ ਉਤੇ ਅਧਾਰਿਤ ਹੈ ਜੋ ਕਿ ਇਸੇ ਸਾਲ ਸ਼ਕਤੀ ਭੋਗ ਫੂਡਸ ਖ਼ਿਲਾਫ਼ ਦਰਜ ਕੀਤੀ ਗਈ ਸੀ। ਕੰਪਨੀ ’ਤੇ 10 ਬੈਂਕਾਂ ਨਾਲ ਕਥਿਤ 3,269 ਕਰੋੜ ਰੁਪਏ ਦੀ ਕਰਜ਼ ਧੋਖਾਧੜੀ ਕਰਨ ਦਾ ਦੋਸ਼ ਹੈ। ਐੱਸਬੀਆਈ ਦੀ ਸ਼ਿਕਾਇਤ ਤੋਂ ਬਾਅਦ ਸੀਬੀਆਈ ਨੇ ਕੇਸ ਦਰਜ ਕੀਤਾ ਸੀ। -ਪੀਟੀਆਈ