ਨਵੀਂ ਦਿੱਲੀ, 5 ਸਤੰਬਰ
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਅੱਜ ਭਾਰਤ ਦੇ ਚਾਰ ਦਿਨਾਂ ਦੇ ਦੌਰੇ ’ਤੇ ਪਹੁੰਚ ਗਏ। ਇਸ ਦੌਰਾਨ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਦੋਵੇਂ ਆਗੂ ਰੱਖਿਆ, ਵਪਾਰ ਤੇ ਨਦੀਆਂ ਦਾ ਪਾਣੀ ਸਾਂਝਾ ਕਰਨ ਸਣੇ ਕਈ ਮੁੱਦਿਆਂ ’ਤੇ ਸਮਝੌਤੇ ਸਹੀਬੱਧ ਕਰਨਗੇ।
ਇਸ ਤੋਂ ਪਹਿਲਾਂ ਹਸੀਨਾ 2019 ਵਿਚ ਭਾਰਤ ਦੇ ਦੌਰੇ ਉਤੇ ਆਏ ਸਨ। ਹਸੀਨਾ ਭਲਕੇ ਮੋਦੀ ਨਾਲ ਮੁਲਾਕਾਤ ਕਰਨਗੇ। ਉਹ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਵੀ ਮੁਲਾਕਾਤ ਕਰਨਗੇ। ਅੱਜ ਦੌਰੇ ਦੇ ਪਹਿਲੇ ਦਿਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ਟਵੀਟ ਕੀਤਾ ਕਿ ਭਾਰਤ-ਬੰਗਲਾਦੇਸ਼ ਦਰਮਿਆਨ ਲੀਡਰਸ਼ਿਪ ਪੱਧਰ ’ਤੇ ਸਬੰਧ ਬੇਹੱਦ ਨਿੱਘੇ ਹਨ। ਭਾਰਤ ਪਹੁੰਚਣ ਤੋਂ ਕੁਝ ਘੰਟਿਆਂ ਬਾਅਦ ਹਸੀਨਾ ਦਿੱਲੀ ਦੀ ਨਿਜ਼ਾਮੂਦੀਨ ਔਲੀਆ ਦਰਗਾਹ ’ਤੇ ਗਏ। ਵਿਦੇਸ਼ ਮੰਤਰਾਲੇ ਨੇ ਟਵੀਟ ਕਰਦਿਆਂ ਕਿਹਾ ਕਿ ਸ਼ੇਖ ਹਸੀਨਾ ਦੇ ਇਸ ਦੌਰੇ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ਹੋਣਗੇ। ਵੀਰਵਾਰ ਨੂੰ ਹਸੀਨਾ ਦੇ ਅਜਮੇਰ ਜਾਣ ਦੀ ਸੰਭਾਵਨਾ ਹੈ ਜਿੱਥੇ ਉਹ ਸੂਫ਼ੀ ਸੰਤ ਮੋਇਨੂਦੀਨ ਚਿਸ਼ਤੀ ਦੀ ਦਰਗਾਹ ਉਤੇ ਜਾਣਗੇ। ਹਸੀਨਾ ਨਾਲ ਆਏ ਵਫ਼ਦ ’ਚ ਬੰਗਲਾਦੇਸ਼ ਦੇ ਕਈ ਮੰਤਰੀ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਭਾਰਤ ਤੇ ਬੰਗਲਾਦੇਸ਼ ਨੇ ਕੁਸ਼ਿਆਰਾ ਨਦੀ ਦਾ ਪਾਣੀ ਸਾਂਝਾ ਕਰਨ ਬਾਰੇ ਸਮਝੌਤੇ ’ਤੇ ਆਖ਼ਰੀ ਸਹਿਮਤੀ ਬਣਾਈ ਸੀ। ਇਸ ’ਤੇ ਭਲਕੇ ਸਹੀ ਪਾਈ ਜਾਵੇਗੀ।
ਭਾਰਤ ਤੇ ਬੰਗਲਾਦੇਸ਼ 54 ਨਦੀਆਂ ਸਾਂਝੀਆਂ ਕਰਦੇ ਹਨ। ਪਿਛਲੇ ਸਾਲ ਮਾਰਚ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਲਾਦੇਸ਼ ਦੇ ਦੌਰੇ ਉਤੇ ਗਏ ਸਨ। ਉਨ੍ਹਾਂ ਉੱਥੇ ਕਈ ਯਾਦਗਾਰੀ ਸਮਾਗਮਾਂ ਵਿਚ ਹਿੱਸਾ ਵੀ ਲਿਆ ਸੀ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਹੁਣ ਦੱਖਣ ਏਸ਼ੀਆ ਵਿਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। -ਪੀਟੀਆਈ