ਬੰਗਲੂਰੂ, 20 ਜਨਵਰੀ
ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਅੱਜ ਰਾਜ ਭਵਨ ਦਾ ਘਿਰਾਓ ਕਰਨ ਲਈ ਅੱਗੇ ਵਧ ਰਹੇ ਸੀਨੀਅਰ ਕਾਂਗਰਸੀ ਆਗੂ ਸਿੱਧਾਰਮੱਈਆ ਤੇ ਡੀ.ਕੇ. ਸ਼ਿਵ ਕੁਮਾਰ ਨੂੰ ਸੈਂਕੜੇ ਹੋਰਨਾਂ ਵਿਅਕਤੀਆਂ ਸਣੇ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ।
ਕਾਂਗਰਸ ਦੀ ਸੂਬਾਈ ਇਕਾਈ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਤੇ ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ਼ ਰਾਜ ਭਵਨ ਨੂੰ ਘੇਰਨ ਦੇ ਦਿੱਤੇ ਸੱਦੇ ਤਹਿਤ ਅੱਜ ਸੂਬਾ ਭਰ ਦੇ ਕਿਸਾਨ ਤੇ ਕਾਂਗਰਸੀ ਵਰਕਰ ਸ਼ਹਿਰ ਵਿੱਚ ਇਕੱਠੇ ਹੋਏ ਤੇ ਪ੍ਰਦਰਸ਼ਨ ਕੀਤਾ। ਨਾਅਰੇ ਲਗਾਉਂਦਿਆਂ, ਪਾਰਟੀ ਦਾ ਝੰਡਾ, ਬੈਨਰ ਤੇ ਪੋਸਟਰ ਫੜ ਕੇ ਪ੍ਰਦਰਸ਼ਨਕਾਰੀਆਂ ਨੇ ਫਰੀਡਮ ਪਾਰਕ ਤੋਂ ਰਾਜਪਾਲ ਦੀ ਰਿਹਾਇਸ਼ ਤਕ ਮਾਰਚ ਕੀਤਾ ਪਰ ਪੁਲੀਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ।
ਪੁਲੀਸ ਹਿਰਾਸਤ ਦੌਰਾਨ ਗੱਲਬਾਤ ਕਰਦਿਆਂ ਸਿੱਧਾਰਮੱਈਆ ਨੇ ਕਿਹਾ, ‘ਯੇਦੀਯੁਰੱਪਾ ਸਰਕਾਰ ਤੇ ਪੁਲੀਸ ਸ਼ਾਂਤੀਪੂਰਨ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਰੋਕ ਰਹੀ ਹੈ, ਜਿਸ ਦੀ ਮੈਂ ਨਿਖੇਧੀ ਕਰਦਾ ਹਾਂ।’ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਭਗਵਾਂ ਪਾਰਟੀ ਨੂੰ ਲੋਕਤੰਤਰੀ ਪ੍ਰਬੰਧ ’ਤੇ ਕਦੇ ਵੀ ਭਰੋਸਾ ਨਹੀਂ ਸੀ।
ਪ੍ਰਦਰਸ਼ਨ ਕਾਰਨ ਕਈ ਇਲਾਕਿਆਂ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਇਸ ਪ੍ਰਦਰਸ਼ਨ ਕਾਰਨ ਪੁਲੀਸ ਨੇ ਪਹਿਲਾਂ ਹੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਤੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਸੜਕਾਂ ’ਤੇ ਬੈਰੀਕੇਡ ਵੀ ਲਾਏ ਗਏ ਸਨ।
-ਪੀਟੀਆਈ