ਨਵੀਂ ਦਿੱਲੀ, 5 ਅਪਰੈਲ
ਸੁਪਰੀਮ ਕੋਰਟ ਨੇ ਬੰਗਲੂਰੂ ਵਿੱਚ 2008 ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਕੇਸ ਦਾ ਸਾਹਮਣਾ ਕਰ ਰਹੇ, ਕੇਰਲ ਦੇ ਪੀਪਲਜ਼ ਡੈਮੋਕਰੈਟਿਕ ਪਾਰਟੀ(ਪੀਡੀਪੀ) ਆਗੂ ਅਬਦੁਲ ਨਜੀਰ ਮਦਨੀ ਨੂੰ ਸੋਮਵਾਰ ਨੂੰ ਇਕ ‘ਖ਼ਤਰਨਾਕ ਵਿਅਕਤੀ’ ਦੱਸਿਆ। ਚੀਫ ਜਸਟਿਸ ਐਸ ਏ ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਮਦਨੀ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ। ਪੀਡੀਪੀ ਆਗੂ ਨੇ ਕੇਰਲ ਜਾਣ ਦੀ ਇਜਾਜ਼ਤ ਦੇਣ ਅਤੇ ਮਾਮਲੇ ਦੀ ਸੁਣਵਾਈ ਪੂਰੀ ਹੋਣ ਤਕ ਉਥੇ ਹੀ ਰਹਿਣ ਦੀ ਇਜਾਜ਼ਤ ਮੰਗੀ ਸੀ। ਬੈਂਚ ਨੇ ਜ਼ਮਾਨਤ ਦੀਆਂ ਸ਼ਰਤਾਂ ਵਿੱਚ ਢਿੱਲ ਦੇਣ ਦੀ ਅਪੀਲ ਵਾਲੀ ਮਦਨੀ ਦੀ ਪਟੀਸ਼ਨ ’ਤੇ ਸੰਖੇਪ ਸੁਣਵਾਈ ਦੌਰਾਨ ਕਿਹਾ, ‘‘ ਤੁਸੀਂ ਇਕ ਖ਼ਤਰਨਾਕ ਵਿਅਕਤੀ ਹੋ।’’ ਬੈਂਚ ਦੇ ਮੈਂਬਰਾਂ ਵਿੱਚ ਜਸਟਿਸ ਏਐਸ ਬੋਪੰਨਾ ਅਤੇ ਜਸਟਿਸ ਵੀ ਸੁਬਰਾਮਨੀਅਨ ਵੀ ਸ਼ਾਮਲ ਹਨ। -ਏਜੰਸੀ