ਬੰਗਲੂਰੂ, 12 ਅਗਸਤ
ਬੰਗਲੂਰੂ ’ਚ ਅਗਸਤ ਦੇ ਪਹਿਲੇ 10 ਦਿਨਾਂ ’ਚ 499 ਬੱਚੇ ਕਰੋਨਾ ਪਾਜ਼ੇਟਿਵ ਮਿਲੇ ਹਨ। ਇਸ ਅੰਕੜੇ ਤੋਂ ਮਾਪੇ ਫਿਕਰਮੰਦ ਹੋ ਗਏ ਹਨ। ਸੂਬੇ ਦੇ ਸਿਹਤ ਵਿਭਾਗ ਮੁਤਾਬਕ ਸਿਫ਼ਰ ਤੋਂ 9 ਸਾਲ ਦੇ 88 ਅਤੇ 10 ਤੋਂ 19 ਸਾਲ ਦੇ 305 ਬੱਚਿਆਂ ਨੂੰ ਕਰੋਨਾ ਹੋ ਗਿਆ ਹੈ। ਕੁੱਲ 499 ’ਚੋਂ 263 ਬੱਚੇ ਪਿਛਲੇ ਪੰਜ ਦਿਨਾਂ ’ਚ ਕਰੋਨਾ ਪਾਜ਼ੇਟਿਵ ਮਿਲੇ ਹਨ। ਸਿਹਤ ਵਿਭਾਗ ਨੇ ਵੱਡੀ ਗਿਣਤੀ ’ਚ ਬੱਚਿਆਂ ਨੂੰ ਕਰੋਨਾ ਹੋਣ ’ਤੇ ਚਿੰਤਾ ਪ੍ਰਗਟਾਉਂਦਿਆਂ ਸਖ਼ਤ ਕਦਮ ਉਠਾਏ ਹਨ।
ਸੂਤਰਾਂ ਨੇ ਕਿਹਾ ਕਿ ਆਉਂਦੇ ਕੁਝ ਹਫ਼ਤਿਆਂ ’ਚ ਇਹ ਗਿਣਤੀ ਤਿੰਨ ਗੁਣਾ ਵੱਧ ਸਕਦੀ ਹੈ। ਮਾਪਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾ ਲੈਣ ਅਤੇ ਫਿਰ ਆਪਣੇ ਬੱਚਿਆਂ ਦਾ ਸਹੀ ਢੰਗ ਨਾਲ ਧਿਆਨ ਰੱਖਣ। ਉਨ੍ਹਾਂ ਭੀੜ ਵਾਲੀਆਂ ਥਾਵਾਂ’ਤੇ ਜਾਣ ਤੋਂ ਗੁਰੇਜ਼ ਕਰਨ ਲਈ ਵੀ ਕਿਹਾ ਹੈ। ਕਰਨਾਟਕ ’ਚ ਸਿਫ਼ਰ ਤੋਂ 9 ਸਾਲ ਦੇ 19 ਅਤੇ 10 ਤੋਂ 19 ਸਾਲ ਦੇ 26 ਬੱਚੇ ਕਰੋਨਾ ਕਾਰਨ ਜਾਨ ਗੁਆ ਚੁੱਕੇ ਹਨ। -ਆਈਏਐਨਐਸ
ਮਹਾਰਾਸ਼ਟਰ ਨੇ ਸਕੂਲ ਖੋਲ੍ਹਣ ਤੋਂ ਕੀਤਾ ਇਨਕਾਰ
ਮੁੰਬਈ: ਮਹਾਰਾਸ਼ਟਰ ’ਚ ਕਰੋਨਾਵਾਇਰਸ ਦੇ ਮੁੜ ਤੋਂ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਸਕੂਲ ਮੁੜ ਤੋਂ ਖੋਲ੍ਹਣ ਦੇ ਫ਼ੈਸਲੇ ਨੂੰ ਮੁਲਤਵੀ ਕਰ ਦਿੱਤਾ ਹੈ। ਪਹਿਲਾਂ ਸਕੂਲ 17 ਅਗਸਤ ਤੋਂ ਖੋਲ੍ਹੇ ਜਾਣੇ ਸਨ। ਪੇਂਡੂ ਇਲਾਕਿਆਂ ’ਚ, ਜਿਥੇ ਕਰੋਨਾਵਾਇਰਸ ਦਾ ਖ਼ਤਰਾ ਨਹੀਂ, ਕੁਝ ਸਕੂਲ ਪਹਿਲਾਂ ਵਾਂਗ ਖੁੱਲ੍ਹੇ ਰਹਿਣਗੇ ਜਦਕਿ ਸੂਬੇ ’ਚ ਮਾਰਚ 2020 ਤੋਂ ਬੰਦ ਸਕੂਲਾਂ ਨੂੰ ਅਜੇ ਨਾ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਘੱਟ ਗਿਣਤੀਆਂ ਬਾਰੇ ਮੰਤਰੀ ਨਵਾਬ ਮਲਿਕ ਨੇ ਕਿਹਾ ਕਿ ਪੰਜਾਬ ਵਰਗੇ ਸੂਬਿਆਂ ’ਚ ਸਕੂਲ ਮੁੜ ਤੋਂ ਖੋਲ੍ਹੇ ਜਾਣ ਮਗਰੋਂ ਉਥੇ ਬੱਚਿਆਂ ’ਚ ਕਰੋਨਾ ਤੇਜ਼ੀ ਨਾਲ ਫੈਲਿਆ ਹੈ। ਇਸ ਕਾਰਨ ਉਹ ਸਕੂਲ ਖੋਲ੍ਹ ਕੇ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੇ।