ਬਾਂਦਾ (ਉੱਤਰ ਪ੍ਰਦੇਸ਼), 12 ਅਗਸਤ
ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਯਮੁਨਾ ਨਦੀ ਵਿੱਚ ਕਿਸ਼ਤੀ ਡੁੱਬਣ ਮਗਰੋਂ 25 ਜਣ ਹਾਲੇ ਵੀ ਲਾਪਤਾ ਹਨ ਜਦਕਿ ਤਿੰਨ ਜਣਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀਆਂ ਟੀਮਾਂ ਵੱਲੋਂ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਪ੍ਰਯਾਗਰਾਜ ਤੋਂ ਗੋਤਾਖੋਰ ਵੀ ਸੱਦੇ ਗਏ ਹਨ। ਬਾਂਦਾਂ ਦੇ ਡੀਆਈਜੀ ਵਿਪਿਨ ਮਿਸ਼ਰਾ ਨੇ ਦੱਸਿਆ ਕਿ ਹਾਦਸੇ ਵਿੱਚ ਤਿੰਨ ਜਣੇ (ਦੋ ਔਰਤਾਂ ਅਤੇ ਇੱਕ ਬੱਚਾ) ਡੁੱਬ ਗਏ। ਹਾਲਾਂਕਿ ਵੀਰਵਾਰ ਨੂੰ ਪੁਲੀਸ ਨੇ ਚਾਰ ਲਾਸ਼ਾਂ ਬਰਾਮਦ ਹੋਣ ਦਾ ਦਾਅਵਾ ਕੀਤਾ ਸੀ। ਦੱਸਣਯੋਗ ਹੈ ਕਿ ਵੀਰਵਾਰ ਨੂੰ ਫਤਿਹਗੜ੍ਹ ਜ਼ਿਲ੍ਹੇ ਵਿੱਚ ਮਰਕਾ ਘਾਟ ਤੋਂ ਜਾਰੌਲੀ ਘਾਟ ਜਾਂਦੇ ਸਮੇਂ ਕਿਸ਼ਤੀ ਡੁੱਬ ਗਈ ਸੀ। ਹਾਦਸਾ ਵਾਪਰਨ ਮੌਕੇ ਕਿਸ਼ਤੀ ਵਿੱਚ 30 ਜਣੇ ਸਵਾਰ ਸਨ। ਪੁਲੀਸ ਮੁਤਾਬਕ 20 ਤੋਂ 25 ਜਣੇ ਹਾਲੇ ਵੀ ਲਾਪਤਾ ਹਨ ਜਦਕਿ ਕੁਝ ਲੋਕ ਤੈਰ ਬਚਣ ਵਿੱਚ ਸਫਲ ਹੋ ਗਏ। ਮਰਕਾ ਥਾਣੇ ਦੇ ਐੱਸਐੱਚਓ ਹੇਮਰਾਜ ਨੇ ਦੱਸਿਆ ਕਿ ਚਸ਼ਮਦੀਦਾਂ ਮੁਤਾਬਕ ਕਿਸ਼ਤੀ ਵਿੱਚ 40 ਤੋਂ 45 ਜਣੇ ਸਵਾਰ ਸਨ। -ਪੀਟੀਆਈ