ਨਵੀਂ ਦਿੱਲੀ/ਹੈਦਰਾਬਾਦ, 2 ਸਤੰਬਰ
ਹੈਦਰਾਬਾਦ ਦੀ ਇਕ ਸਿਵਲ ਅਦਾਲਤ ਨੇ ਬੀ. ਰਾਮਾਲਿੰਗਾ ਰਾਜੂ ਦੀ ਪਟੀਸ਼ਨ ਉਤੇ ‘ਨੈੱਟਫਲਿਕਸ’ ਨੂੰ ਵੈੱਬ ਸੀਰੀਜ਼ ‘ਬੈਡ ਬੁਆਇ ਬਿਲੀਅਨੇਅਰਜ਼’ ਸਟਰੀਮ ਕਰਨ ਤੋਂ ਆਰਜ਼ੀ ਤੌਰ ’ਤੇ ਰੋਕ ਦਿੱਤਾ ਹੈ। ਰਾਜੂ ਸੱਤਿਅਮ ਕੰਪਿਊਟਰ ਸਰਵਿਸਿਜ਼ ਲਿਮਟਿਡ ਦੇ ਬਹੁ-ਕਰੋੜੀ ਅਕਾਊਂਟਿੰਗ ਘੁਟਾਲੇ ਵਿਚ ਦੋਸ਼ੀ ਪਾਏ ਗਏ ਸਨ। ਅਦਾਲਤ ਨੇ ਇਸ ਮਾਮਲੇ ਵਿਚ ਨੈੱਟਫਲਿਕਸ (ਭਾਰਤ ਤੇ ਅਮਰੀਕਾ), ਇਲੈਕਟ੍ਰੌਨਿਕਸ ਤੇ ਸੂਚਨਾ ਤਕਨੀਕ ਵਿਭਾਗ ਨੂੰ ਨੋਟਿਸ ਜਾਰੀ ਕੀਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 18 ਨਵੰਬਰ ਨੂੰ ਰੱਖੀ ਗਈ ਹੈ। ਰਾਜੂ ਨੇ ਦੋਸ਼ ਲਾਇਆ ਹੈ ਕਿ ਇਸ ‘ਖੋਜੀ ਡਾਕਿਊਸੀਰੀਜ਼’ ਨਾਲ ਉਸ ਦੇ ਨਿਰਪੱਖ ਸੁਣਵਾਈ ਤੇ ਨਿੱਜਤਾ ਦੇ ਹੱਕਾਂ ਦਾ ਘਾਣ ਹੋਵੇਗਾ। ਉਸ ਦੀ ਪਛਾਣ ਵੀ ਦੁਨੀਆ ਭਰ ਵਿਚ ਖ਼ਰਾਬ ਹੋਵੇਗੀ। ਪਟੀਸ਼ਨਕਰਤਾ ਨੇ ਅਦਾਲਤ ਤੋਂ ਮੰਗ ਕੀਤੀ ਕਿ ਸੀਰੀਜ਼ ਅਤੇ ਟਰੇਲਰ ਰਿਲੀਜ਼ ਕੀਤੇ ਜਾਣ ਨੂੰ ਮਾਣਹਾਨੀ ਦਾ ਮਾਮਲਾ ਮੰਨਿਆ ਜਾਵੇ। ਇਸੇ ਦੌਰਾਨ ਸੁਪਰੀਮ ਕੋਰਟ ਨੇ ‘ਨੈੱਟਫਲਿਕਸ’ ਦੀ ਉਸ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ ’ਚ ਸਟਰੀਮਿੰਗ ਪਲੈਟਫਾਰਮ ਨੇ ਵੈੱਬ ਸੀਰੀਜ਼ ਵਿਚੋਂ ਸੁਬਰਤਾ ਰੌਏ ਦਾ ਨਾਂ ਹਟਾਉਣ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ। ਬਿਹਾਰ ਦੀ ਹੇਠਲੀ ਅਦਾਲਤ ਨੇ ਨੈੱਟਫਲਿਕਸ ਨੂੰ ਕਾਰੋਬਾਰੀ ਰੌਏ ਦਾ ਨਾਂ ਵੈੱਬ ਸੀਰੀਜ਼ ‘ਬੈਡ ਬੁਆਇ ਬਿਲੀਅਨੇਅਰਜ਼’ ਵਿਚ ਵਰਤਣ ਤੋਂ ਰੋਕ ਦਿੱਤਾ ਸੀ। ਚੀਫ਼ ਜਸਟਿਸ ਐੱਸ.ਏ. ਬੋਬੜੇ ਨੇ ਕਿਹਾ ਕਿ ਸਟਰੀਮਿੰਗ ਪਲੈਟਫਾਰਮ ਚਾਹੇ ਤਾਂ ਪਟਨਾ ਹਾਈ ਕੋਰਟ ਪਹੁੰਚ ਕਰ ਸਕਦਾ ਹੈ। ‘ਨੈੱਟਫਲਿਕਸ’ ਵੱਲੋਂ ਪੇਸ਼ ਹੋਏ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਵੈੱਬ ਸੀਰੀਜ਼ ਖ਼ਿਲਾਫ਼ ਕਈ ਪਟੀਸ਼ਨਾਂ ਵੱਖ-ਵੱਖ ਅਦਾਲਤਾਂ ਵਿਚ ਬਕਾਇਆ ਹਨ ਤੇ ਸੁਪਰੀਮ ਕੋਰਟ ਇਨ੍ਹਾਂ ਸਾਰੇ ਮਾਮਲਿਆਂ ਨੂੰ ਆਪਣੇ ਘੇਰੇ ਵਿਚ ਲਿਆਏ। ‘ਸਹਾਰਾ ਇੰਡੀਆ’ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਨੈੱਟਫਲਿਕਸ ਦੀ ਅਰਜ਼ੀ ਦਾ ਵਿਰੋਧ ਕੀਤਾ। -ਪੀਟੀਆਈ