ਸ੍ਰੀਨਗਰ, 19 ਜੂਨ
ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੇ ਟਵੀਟ ਕਰਦਿਆਂ ਕਿਹਾ ਕਿ ਪਾਬੰਦੀਸ਼ੁਦਾ ਜਥੇਬੰਦੀ ਜਮਾਤ-ਏ-ਇਸਲਾਮੀ ਨਾਲ ਜੁੜੇ ‘ਫਲਾਹ-ਏ-ਆਮ ਟਰੱਸਟ’ (ਐੱਫਏਟੀ) ਵੱਲੋਂ ਚਲਾਏ ਜਾ ਰਹੇ ਸਕੂਲਾਂ ’ਤੇ ਪਾਬੰਦੀ ਲਾਉਣਾ ਜੰਮੂ ਕਸ਼ਮੀਰ ਦੇ ਲੋਕਾਂ ਦੇ ਭਵਿੱਖ ਨੂੰ ਜਾਣਬੁੱਝ ਕੇ ਤਬਾਹ ਕਰਨ ਲਈ ਉਨ੍ਹਾਂ ’ਤੇ ਕੀਤੇ ਜਾਣ ਵਾਲੇ ਅੱਤਿਆਚਾਰ ਦਾ ਇੱਕ ਹੋਰ ਰੂਪ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਦੀ ਮਲਕੀਅਤ, ਸਰੋਤਾਂ ਤੇ ਨੌਕਰੀਆਂ ਤੋਂ ਬਾਅਦ ਆਖ਼ਰੀ ‘ਨਿਸ਼ਾਨਾ’ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਕਸ਼ਮੀਰ ਦੇ ਲੋਕ ਇਸ ਸਮੱਸਿਆ ਦਾ ਹੱਲ ਕੱਢ ਲੈਣਗੇ ਤੇ ਆਪਣੇ ਬੱਚਿਆਂ ਦਾ ਨੁਕਸਾਨ ਨਹੀਂ ਹੋਣ ਦੇਣਗੇ। ਜੰਮੂ ਕਸ਼ਮੀਰ ਦੇ ਸਿੱਖਿਆ ਵਿਭਾਗ ਨੇ ਐੱਫਏਟੀ ਵੱਲੋਂ ਚਲਾਈਆਂ ਜਾ ਰਹੀਆਂ 300 ਤੋਂ ਵੱਧ ਵਿੱਦਿਅਕ ਸੰਸਥਾਵਾਂ ਨੂੰ ਕੰਮ ਕਰਨੋਂ ਰੋਕ ਦਿੱਤਾ ਗਿਆ ਹੈ। ਇਸ ਸਬੰਧ ’ਚ ਸਕੂਲੀ ਸਿੱਖਿਆ ਬਾਰੇ ਸਕੱਤਰ ਬੀ ਕੇ ਸਿੰਘ ਵੱਲੋਂ 13 ਜੂਨ ਨੂੰ ਇੱਕ ਹੁਕਮ ਜਾਰੀ ਕੀਤਾ ਗਿਆ ਸੀ। ਸਕੱਤਰ ਵੱਲੋਂ ਜਾਰੀ ਹੁਕਮ ’ਚ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਮੁੱਖ ਸਿੱਖਿਆ ਅਧਿਕਾਰੀਆਂ ਨੂੰ ਐੱਫਏਟੀ ਵੱਲੋਂ ਚਲਾਏ ਜਾ ਰਹੇ ਸਕੂਲਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਲਾਹ-ਮਸ਼ਵਰਾ ਕਰਨ ਦੇ 15 ਦਿਨਾਂ ’ਚ ਸੀਲ ਕਰਨ ਲਈ ਵੀ ਕਿਹਾ ਗਿਆ ਹੈ। ਹੁਕਮ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਪਾਬੰਦੀਸ਼ੁਦਾ ਸੰਸਥਾਵਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਚਾਲੂ ਸੈਸ਼ਨ ਲਈ ਆਪਣਾ ਦਾਖ਼ਲਾ ਨੇੜਲੇ ਸਰਕਾਰੀ ਸਕੂਲਾਂ ਵਿੱਚ ਕਰਵਾ ਲੈਣ।
ਇਹ ਹੁਕਮ ਜੰਮੂ ਕਸ਼ਮੀਰ ਪੁਲੀਸ ਦੀ ਸੂਬਾਈ ਜਾਂਚ ਏਜੰਸੀ ਵੱਲੋਂ ਕੀਤੀ ਗਈ ਜਾਂਚ-ਪੜਤਾਲ ਮਗਰੋਂ ਜਾਰੀ ਕੀਤਾ ਗਿਆ ਹੈ, ਜਿਸ ’ਚ ਐੱਫਏਟੀ ’ਤੇ ਵੱਡੇ ਪੱਧਰ ’ਤੇ ਗੈਰ-ਕਾਨੂੰਨੀ ਕੰਮਾਂ, ਧੋਖਾਧੜੀਆਂ ਤੇ ਵੱਡੇ ਪੱਧਰ ’ਤੇ ਸਰਕਾਰੀ ਜ਼ਮੀਨ ’ਤੇ ਕਬਜ਼ੇ ਦੇ ਦੋਸ਼ ਲਾਏ ਹਨ। -ਪੀਟੀਆਈ