ਨਵੀਂ ਦਿੱਲੀ: ਸਰਕਾਰ ਨੇ ਘਰੇਲੂ ਉਪਲਬਧਤਾ ਵਧਾਉਣ ਅਤੇ ਕੀਮਤਾਂ ਨੂੰ ਕਾਬੂ ’ਚ ਕਰਨ ਲਈ ਪਿਆਜ਼ ਦੀ ਬਰਾਮਦ ’ਤੇ ਪਾਬੰਦੀ ਅਗਲੇ ਹੁਕਮਾਂ ਤੱਕ ਵਧਾ ਦਿੱਤੀ ਹੈ। ਵਣਜ ਮੰਤਰਾਲੇ ਨੇ ਇਸ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਇਸ ਸਾਲ 31 ਮਾਰਚ ਤੱਕ ਪਿਆਜ਼ ਦੀ ਬਰਾਮਦ ’ਤੇ ਰੋਕ ਲਗਾਈ ਗਈ ਸੀ। ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਨੇ 22 ਮਾਰਚ ਨੂੰ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ, ‘‘ਪਿਆਜ਼ ਦੀ ਬਰਾਮਦ ’ਤੇ 31 ਮਾਰਚ, 2024 ਤੱਕ ਲਗਾਈ ਗਈ ਪਾਬੰਦੀ ਨੂੰ ਅਗਲੇ ਹੁਕਮਾਂ ਤੱਕ ਵਧਾ ਦਿੱਤਾ ਗਿਆ ਹੈ।’’ ਡੀਜੀਐੱਫਟੀ, ਵਣਜ ਮੰਤਰਾਲੇ ਦੀ ਇੱਕ ਸ਼ਾਖਾ ਹੈ, ਜੋ ਬਰਾਮਦ ਅਤੇ ਦਰਾਮਦ ਸਬੰਧੀ ਮੁੱਦਿਆਂ ’ਤੇ ਫ਼ੈਸਲੇ ਕਰਦੀ ਹੈ। ਸਰਕਾਰ ਨੇ ਅੱਠ ਦਸੰਬਰ, 2023 ਨੂੰ ਪਿਆਜ਼ ਦੀ ਬਰਾਮਦ ’ਤੇ ਪਾਬੰਦੀ ਲਗਾਈ ਸੀ। -ਪੀਟੀਆਈ