ਹਾਵੜਾ, 19 ਅਕਤੂਬਰ
ਅਧਿਕਾਰੀਆਂ ਨੇ ਦੱਸਿਆ ਕਿ ਇੱਕ ਸਥਾਨਕ ਅਦਾਲਤ ਨੇ ਸਿੱਖ ਵਿਅਕਤੀ ਬਲਵਿੰਦਰ ਸਿੰਘ ਨੂੰ ਜ਼ਮਾਨਤ ਦੇ ਦਿੱਤੀ, ਜਿਸ ਨੂੰ ਭਾਜਪਾ ਦੀ ‘ਨਾਬੰਨਾ ਚਲੋ’ ਰੈਲੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿੱਥੇ ਪਿਸਤੌਲ ਨੂੰ ਲੈ ਕੇ ਪੁਲੀਸ ਨਾਲ ਹੱਥੋਪਾਈ ਦੌਰਾਨ ਉਸ ਦੀ ਪੱਗ ਲੱਥ ਗਈ ਸੀ। ਬਲਵਿੰਦਰ ਸਿੰਘ, ਜੋ ਕਿ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦਾ ਵਸਨੀਕ ਹੈ, ਨੂੰ ਹਾਵੜਾ ਸਿਟੀ ਪੁਲੀਸ ਨੇ ਭਾਜਪਾ ਦੀ ਰੈਲੀ ਵਿੱਚੋਂ 8 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਵੜਾ ਸਿਟੀ ਥਾਣੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਹਾਵੜਾ ਅਦਾਲਤ ਵੱਲੋਂ ਉਸ ਨੂੰ ਸ਼ਰਤਾਂ ਤਹਿਤ ਜ਼ਮਾਨਤ ਦਿੱਤੀ ਗਈ ਹੈ।’ ਬਲਵਿੰਦਰ ਸਿੰਘ, ਜਿਸ ਨੂੰ ਇੱਕ ਭਾਜਪਾ ਨੇਤਾ ਵੱਲੋਂ ਨਿੱਜੀ ਤੌਰ ’ਤੇ ਸੁਰੱਖਿਆ ਅਧਿਕਾਰੀ ਰੱਖਿਆ ਗਿਆ ਹੈ, ਖ਼ਿਲਾਫ਼ ਅਸਲਾ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਸੀ। ਭਾਜਪਾ ਦੇ ਮਾਰਚ ਦੌਰਾਨ ਪੁਲੀਸ ਵੱਲੋਂ ਉਸ ਦੀ ਕੁੱਟਮਾਰ ਅਤੇ ਪੱਗ ਲੱਥਣ ਦੀਆਂ ਵੀਡੀਓਜ਼ ਵਾਇਰਲ ਹੋਣ ਮਗਰੋਂ ਇਹ ਮਾਮਲਾ ਭਖ ਗਿਆ ਸੀ। -ਪੀਟੀਆਈ