ਲਖਨਊ, 19 ਜੁਲਾਈ
ਉੱਤਰ ਪ੍ਰਦੇਸ਼ ਸਰਕਾਰ ਨੇ ਬਕਰੀਦ ਤੋਂ ਪਹਿਲਾਂ ਨਵੇਂ ਨਿਰਦੇਸ਼ ਜਾਰੀ ਕਰਦਿਆਂ ਕਿਸੇ ਵੀ ਥਾਂ ’ਤੇ 50 ਤੋਂ ਵੱਧ ਲੋਕਾਂ ਦੇ ਇਕੱਠ ’ਤੇ ਪਾਬੰਦੀ ਲਗਾ ਦਿੱਤੀ ਹੈ। ਕੋਵਿਡ-19 ਮਹਾਮਾਰੀ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਸਰਕਰ ਨੇ ਜਨਤਕ ਥਾਵਾਂ ’ਤੇ ਪਸ਼ੂਆਂ ਦੀ ਕੁਰਬਾਨੀ ਦੇਣ ਖ਼ਿਲਾਫ਼ ਵੀ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸੀਨੀਅਰ ਅਧਿਕਾਰੀਆਂ ਨਾਲ ਕੋਵਿਡ ਹਾਲਾਤ ਦੀ ਸਮੀਖਿਆ ਕਰਨ ਦੌਰਾਨ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਤਿਉਹਾਰ ਨੂੰ ਦੇਖਦਿਆਂ ਸਾਰੇ ਲੋੜੀਂਦੇ ਪ੍ਰਬੰਧ ਕਰਨ। ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਗਾਂ, ਊਠ ਜਾਂ ਕੋਈ ਹੋਰ ਪਾਬੰਦੀਸ਼ੁਦਾ ਪਸ਼ੂ ਦੀ ਕਿਤੇ ਵੀ ਕੁਰਬਾਨੀ ਨਾ ਦਿੱਤੀ ਜਾਵੇ। ਅਧਿਕਾਰੀਆਂ ਨੇ ਕਿਹਾ ਕਿ ਸਿਰਫ਼ ਨਾਮਜ਼ਦ ਜਾਂ ਨਿੱਜੀ ਥਾਵਾਂ ’ਤੇ ਜਾਨਵਰਾਂ ਦੀ ਕੁਰਬਾਨੀ ਦਿੱਤੀ ਜਾ ਸਕੇਗੀ। ਇਸ ਦੌਰਾਨ ਸਫ਼ਾਈ ਦਾ ਉਚੇਚੇ ਤੌਰ ’ਤੇ ਧਿਆਨ ਰੱਖਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਯੂਪੀ ਆਉਣ ਲਈ ਕਰੋਨਾ ਨੈਗੇਟਿਵ ਰਿਪੋਰਟ ਜ਼ਰੂਰੀ
ਯੂਪੀ ’ਚ ਹੋਰ ਸੂਬਿਆਂ ਤੋਂ ਆਉਣ ਲੋਕਾਂ ਨੂੰ ਲਾਜ਼ਮੀ ਤੌਰ ’ਤੇ ਆਰਟੀ-ਪੀਸੀਆਰ ਦੀ ਨੈਗੇਟਿਵ ਰਿਪਰੋਟ ਨਾਲ ਰਖਣੀ ਪਵੇਗੀ। ਇਹ ਰਿਪੋਰਟ ਚਾਰ ਦਿਨ ਤੋਂ ਵਧੇਰੇ ਪੁਰਾਣੀ ਨਹੀਂ ਹੋਣੀ ਚਾਹੀਦੀ ਹੈ। ਜਿਨ੍ਹਾਂ ਲੋਕਾਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾ ਲਈਆਂ ਹਨ, ਉਨ੍ਹਾਂ ਨੂੰ ਇਸ ਸ਼ਰਤ ਤੋਂ ਛੋਟ ਦਿੱਤੀ ਗਈ ਹੈ। -ਪੀਟੀਆਈ
ਅਸਾਮ ’ਚ ਵੀ ਈਦ ਮੌਕੇ ਇਕੱਠ ’ਤੇ ਪਾਬੰਦੀ
ਗੁਹਾਟੀ: ਅਸਾਮ ਸਰਕਾਰ ਨੇ ਕਰੋਨਾ ਮਹਾਮਾਰੀ ਕਾਰਨ ਈਦ ਮੌਕੇ ਸੂਬੇ ’ਚ ਜਨਤਕ ਇਕੱਠ ਦੀ ਇਜਾਜ਼ਤ ਨਹੀਂ ਦਿੱਤੀ ਹੈ। ਸੂਬੇ ਦੇ ਸਿਹਤ ਮੰਤਰੀ ਕੇਸ਼ਵ ਮਹੰਤਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ’ਚ ਹੀ ਈਦ ਦਾ ਤਿਉਹਾਰ ਮਨਾਉਣ। ਉਨ੍ਹਾਂ ਕਿਹਾ ਕਿ ਮਸਜਿਦਾਂ ’ਚ ਵੱਧ ਤੋਂ ਵੱਧ ਪੰਜ ਵਿਅਕਤੀਆਂ ਨੂੰ ਇਬਾਦਤ ਕਰਨ ਦੀ ਇਜਾਜ਼ਤ ਹੋਵੇਗੀ। ਸੂਬੇ ’ਚ ਬਕਰੀਦ ਬੁੱਧਵਾਰ ਨੂੰ ਮਨਾਈ ਜਾਵੇਗੀ। -ਪੀਟੀਆਈ