ਸ਼ਿਵਾਮੋਗਾ, 21 ਫਰਵਰੀ
ਕਰਨਾਟਕ ਦੇ ਸ਼ਿਵਾਮੋਗਾ ਜ਼ਿਲ੍ਹੇ ਵਿੱਚ ਲੰਘੀ ਰਾਤ ਬਜਰੰਗ ਦਲ ਦੇ 23 ਸਾਲਾ ਕਾਰਕੁਨ ਦੀ ਚਾਕੂ ਮਾਰ ਕੇ ਕੀਤੀ ਹੱਤਿਆ ਮਗਰੋਂ ਸੂਬੇ ਵਿੱਚ ਤਣਾਅ ਵਧ ਗਿਆ ਹੈ। ਪ੍ਰਸ਼ਾਸਨ ਨੇ ਇਹਤਿਹਾਤ ਵਜੋਂ ਸਕੂਲ ਕਾਲਜਾਂ ਵਿੱਚ ਇਕ ਦਿਨ ਦੀ ਛੁੱਟੀ ਐਲਾਨ ਦਿੱਤੀ ਹੈ। ਹਰਸ਼ਾ ਨਾਂ ਦੇ ਨੌਜਵਾਨ ਦਾ ਐਤਵਾਰ ਰਾਤ ਨੂੰ ਭਾਰਤੀ ਕਾਲੋਨੀ ਦੀ ਰਵੀ ਵਰਮਾ ਗਲੀ ਵਿੱਚ ਕੁਝ ਅਣਪਛਾਤੇ ਹਮਲਾਵਰਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਹਿਜਾਬ ਵਿਵਾਦ ਨੂੰ ਲੈ ਕੇ ਸੂਬੇ ਦੇ ਕਾਲਜਾਂ ਵਿਚ ਪਹਿਲਾਂ ਹੀ ਤਣਾਅ ਵਾਲਾ ਮਾਹੌਲ ਸੀ। ਬਜਰੰਗ ਕਾਰਕੁਨ ਦੀ ਹੱਤਿਆ ਪਿਛਲੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਉਂਜ ਨੌਜਵਾਨ ਦੀ ਹੱਤਿਆ ਤੋਂ ਫੌਰੀ ਮਗਰੋਂ ਉਸ ਦੇ ਹਮਾਇਤੀ ਸੜਕਾਂ ’ਤੇ ਉਤਰ ਆਏ ਤੇ ਉਨ੍ਹਾਂ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ। ਟੈਲੀਵਿਜ਼ਨ ਫੁਟੇਜ ਵਿੱਚ ਇਹ ਹਮਾਇਤੀ ਪੱਥਰਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਉਧਰ ਸੂਬੇ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਸ਼ਿਵਾਮੋਗਾ ਜਾ ਕੇ ਪੀੜਤ ਪਰਿਵਾਰ ਨੂੰ ਮਿਲੇ। ਉਨ੍ਹਾਂ ਕਿਹਾ ਕਿ ਪੁਲੀਸ ਨੇ ਇਸ ਮਾਮਲੇ ’ਚ ਅਹਿਮ ਸੁਰਾਗ ਇਕੱਤਰ ਕੀਤੇ ਹਨ ਤੇ ਜਲਦੀ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਸੇਲਵਾਮਨੀ ਆਰ.ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਸਬੇ ਵਿੱਚ ਧਾਰਾ 144 ਲਾ ਦਿੱਤੀ ਗਈ ਹੈ ਤੇ ਸਾਰੇ ਸਕੂਲ ਕਾਲਜਾਂ ਨੂੰ ਬੰਦ ਕਰਨ ਲਈ ਆਖ ਦਿੱਤਾ ਹੈ। -ਪੀਟੀਆਈ