ਮੁੰਬਈ: ਗੀਤਕਾਰ ਜਾਵੇਦ ਅਖ਼ਤਰ ਵੱਲੋਂ ਦਾਇਰ ਇੱਕ ਮਾਣਹਾਨੀ ਕੇਸ ’ਚ ਅਦਾਕਾਰਾ ਕੰਗਨਾ ਰਣੌਤ ਦੇ ਪੇਸ਼ ਨਾ ਹੋਣ ’ਤੇ ਮੁੰਬਈ ਦੀ ਇੱਕ ਅਦਾਲਤ ਨੇ ਅੱਜ ਉਸ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਅੰਧੇਰੀ ਮੈਟਰੋਪੋਲਿਟਨ ਮੈਜਿਸਟਰੇਟ ਅਦਾਲਤ ਨੇ 1 ਫਰਵਰੀ ਨੂੰ ਕੰਗਨਾ ਨੂੰ ਸੰਮਨ ਜਾਰੀ ਕਰਕੇ 1 ਮਾਰਚ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਕੰਗਨਾ ਦੇ ਅੱਜ ਅਦਾਲਤ ’ਚ ਪੇਸ਼ ਨਾ ਹੋਣ ’ਤੇ ਮੈਜਿਸਟਰੇਟ ਆਰਆਰ ਖਾਨ ਨੇ ਅਦਾਕਾਰਾ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਮਾਮਲੇ ਦੀ ਸੁਣਵਾਈ 26 ਮਾਰਚ ਨੂੰ ਪਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਇੱਕ ਰਿਪੋਰਟ ਦਾਖਲ ਕਰਦਿਆਂ ਪੁਲੀਸ ਨੇ ਕਿਹਾ ਸੀ ਕਿ ਕੰਗਨਾ ਖ਼ਿਲਾਫ਼ ਮਾਣਹਾਨੀ ਦਾ ਇੱਕ ਕੇਸ ਦਰਜ ਕੀਤਾ ਗਿਆ ਹੈ। ਗੀਤਕਾਰ ਜਾਵੇਦ ਅਖ਼ਤਰ ਨੇ ਕੰਗਨਾ ਰਣੌਤ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਦੋਸ਼ ਲਾਇਆ ਸੀ ਕਿ ਅਦਾਕਾਰਾ ਨੇ ਉਸ ਖ਼ਿਲਾਫ਼ ਬੇਬੁਨਿਆਦ ਤੇ ਝੂਠੀ ਬਿਆਨਬਾਜ਼ੀ ਕੀਤੀ ਹੈ ਜਿਸ ਨਾਲ ਉਨ੍ਹਾਂ ਦੇ ਅਕਸ ਨੂੰ ਢਾਹ ਲੱਗੀ ਹੈ। -ਪੀਟੀਆਈ