ਨਵੀਂ ਦਿੱਲੀ, 5 ਸਤੰਬਰ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਸੜਕ ਹਾਦਸਿਆਂ ਲਈ ਖ਼ਾਮੀਆਂ ਵਾਲੀਆਂ ਪ੍ਰਾਜੈਕਟ ਰਿਪੋਰਟਾਂ ਜ਼ਿੰਮੇਵਾਰ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੌਮੀ ਮਾਰਗਾਂ ਤੇ ਹੋਰਨਾਂ ਸੜਕਾਂ ਦੀਆਂ ਅਜਿਹੀਆਂ ਰਿਪੋਰਟਾਂ ਵਿਸਤਾਰ ’ਚ ਤਿਆਰ ਕਰਨ ਲਈ ਸਬੰਧਤ ਕੰਪਨੀਆਂ ਨੂੰ ਢੁੱਕਵੀਂ ਸਿਖ਼ਲਾਈ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਸੜਕੀ ਆਵਾਜਾਈ ਤੇ ਰਾਜਮਾਰਗਾਂ ਬਾਰੇ ਮੰਤਰੀ ਨੇ ਕਿਹਾ ਕਿ ਸਰਕਾਰ ਨਵੀਆਂ ਤਕਨੀਕਾਂ ਦੀ ਵਰਤੋਂ ਉਤੇ ਜ਼ੋਰ ਦੇ ਰਹੀ ਹੈ। ਗਡਕਰੀ ਨੇ ਕਿਹਾ ਕਿ ਕੁਝ ਰਿਪੋਰਟਾਂ ਬਹੁਤ ਮਾੜੀਆਂ ਹੁੰਦੀਆਂ ਹਨ। ਕੇਂਦਰੀ ਮੰਤਰੀ ਨੇ ਕਿਹਾ, ‘ਸ਼ੁਰੂਆਤ ਉੱਥੋਂ ਕਰੋ। ਜੇਕਰ ਉਹ ਸੁਧਰਨਗੇ ਨਹੀਂ, ਤਾਂ ਸਮੱਸਿਆ ਮੁੜ-ਮੁੜ ਆਵੇਗੀ।’ ਹਲਕੇ ਅੰਦਾਜ਼ ’ਚ ਗਡਕਰੀ ਨੇ ਕਿਹਾ ਕਿ ਨਵੀਂ ਮਰਸਿਡੀਜ਼ ਕਾਰ ਵੀ ਜੇਕਰ ਘੱਟ ਮੁਹਾਰਤ ਵਾਲੇ ਡਰਾਈਵਰ ਕੋਲ ਹੋਵੇਗੀ ਤਾਂ ਸਮੱਸਿਆਵਾਂ ਆਉਣਗੀਆਂ। ਗਡਕਰੀ ਨੇ ਸੜਕੀ ਪ੍ਰਾਜੈਕਟਾਂ ਵਿਚ ਹੁੰਦੀ ਦੇਰੀ ਦਾ ਮੁੱਦਾ ਵੀ ਉਠਾਇਆ ਤੇ ਕਿਹਾ ਕਿ ਇਸ ਕਾਰਨ ਲਾਗਤ ਵਧਦੀ ਹੈ। -ਪੀਟੀਆਈ