ਨਵੀਂ ਦਿੱਲੀ, 19 ਸਤੰਬਰ
ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਮੈਡੀਕਲ ਕਾਲਜਾਂ ਸਣੇ ਹੋਰਨਾਂ ਕਾਲਜਾਂ ਵਿਚ ਪਿਛਲੇ ਦਰਵਾਜ਼ਿਓਂ ਮਿਲਦੇ ਦਾਖਲੇ ਬੰਦ ਹੋਣੇ ਚਾਹੀਦੇ ਹਨ। ਅਦਾਲਤ ਨੇ ਕਿਹਾ ਕਿ ਲੱਖਾਂ ਵਿਦਿਆਰਥੀ ਮੈਰਿਟ ਦੇ ਅਧਾਰ ਉਤੇ ਵਿਦਿਅਕ ਅਦਾਰਿਆਂ ਵਿਚ ਦਾਖਲਾ ਲੈਣ ਲਈ ਸਖ਼ਤ ਮਿਹਨਤ ਕਰਦੇ ਹਨ। ਹਾਈ ਕੋਰਟ ਨੇ ਅੱਜ ਉਨ੍ਹਾਂ ਪੰਜ ਵਿਦਿਆਰਥੀਆਂ ਦੀ ਅਪੀਲ ਖਾਰਜ ਕਰ ਦਿੱਤੀ ਜਿਨ੍ਹਾਂ ਨੂੰ 2016 ਵਿਚ ਐਲਐਨ ਮੈਡੀਕਲ ਕਾਲਜ ਤੇ ਹਸਪਤਾਲ, ਭੁਪਾਲ ਵਿਚ ਦਾਖਲਾ ਮਿਲਿਆ ਸੀ, ਜਦਕਿ ਉਨ੍ਹਾਂ ਕੇਂਦਰੀਕ੍ਰਿਤ ਕੌਂਸਲਿੰਗ ਵਿਚ ਹਿੱਸਾ ਨਹੀਂ ਲਿਆ ਸੀ ਜੋ ਕਿ ਮੈਡੀਕਲ ਸਿੱਖਿਆ ਵਿਭਾਗ ਵੱਲੋਂ ਕੀਤੀ ਜਾ ਰਹੀ ਸੀ। ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਦਾਖਲੇ ‘ਨੀਟ’ ਪ੍ਰੀਖਿਆ ਦੇ ਨਤੀਜਿਆਂ ਦੇ ਆਧਾਰ ’ਤੇ ਕੌਂਸਲਿੰਗ ਰਾਹੀਂ ਕੀਤੇ ਜਾਣੇ ਚਾਹੀਦੇ ਹਨ। ਇਸ ਮਾਮਲੇ ਵਿਚ ਮੈਡੀਕਲ ਕੌਂਸਲ ਆਫ ਇੰਡੀਆ ਨੇ ਅਪਰੈਲ 2017 ਵਿਚ ਪੰਜ ਪਟੀਸ਼ਨਕਰਤਾਵਾਂ ਬਾਰੇ ਡਿਸਚਾਰਜ ਪੱਤਰ ਵੀ ਭੇਜੇ ਸਨ ਪਰ ਵਿਦਿਆਰਥੀਆਂ ਤੇ ਮੈਡੀਕਲ ਕਾਲਜ ਨੇ ਕੋਈ ਧਿਆਨ ਨਹੀਂ ਦਿੱਤਾ। ਕਾਲਜ ਪਟੀਸ਼ਨਕਰਤਾ ਵਿਦਿਆਰਥੀਆਂ ਨੂੰ ਆਪਣੇ ਵਿਦਿਆਰਥੀ ਹੀ ਗਿਣਦਾ ਰਿਹਾ ਤੇ ਕੋਰਸ ਲਾਉਣ ਦਿੱਤਾ ਗਿਆ। ਉਨ੍ਹਾਂ ਨੂੰ ਪ੍ਰੀਖਿਆ ਵੀ ਦੇਣ ਦਿੱਤੀ ਗਈ ਤੇ ਅੱਗੇ ਵੀ ਦਾਖਲਾ ਮਿਲਦਾ ਰਿਹਾ। ਪਟੀਸ਼ਨਕਰਤਾ ਵਿਦਿਆਰਥੀਆਂ ਨੇ ਐਮਸੀਆਈ ਦੇ ਡਿਸਚਾਰਜ ਪੱਤਰਾਂ ਨੂੰ ਖਾਰਜ ਕਰਾਉਣ ਲਈ ਅਦਾਲਤ ਵਿਚ ਅਪੀਲ ਦਾਇਰ ਕੀਤੀ ਸੀ ਪਰ ਇਸ ਨੂੰ ਰੱਦ ਕਰ ਦਿੱਤਾ ਗਿਆ। ਹੁਣ ਦਿੱਲੀ ਹਾਈ ਕੋਰਟ ਨੇ ਵੀ ਇਸ ਨੂੰ ਰੱਦ ਕਰ ਦਿੱਤਾ ਹੈ। -ਪੀਟੀਆਈ