ਸ੍ਰੀਨਗਰ, 31 ਜੁਲਾਈ
ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ ਦੋ ਦਹਿਸ਼ਤਗਰਦ ਮਾਰੇ ਗਏ। ਇਨ੍ਹਾਂ ’ਚੋਂ ਇਕ ਦਹਿਸ਼ਤਗਰਦ ਮੁਹੰਮਦ ਇਸਮਾਲ ਅਲਵੀ ਉਰਫ਼ ਲੰਬੂ ਉਰਫ਼ ਅਦਨਾਨ ਜਥੇਬੰਦੀ ਦੇ ਮੁਖੀ ਮਸੂਦ ਅਜ਼ਹਰ ਦੇ ਪਰਿਵਾਰ ਨਾਲ ਸਬੰਧਤ ਸੀ ਅਤੇ ਉਹ 2019 ਦੇ ਪੁਲਵਾਮਾ ਹਮਲੇ ਦੇ ਸਾਜ਼ਿਸ਼ ਘਾੜਿਆਂ ’ਚ ਵੀ ਸ਼ਾਮਲ ਸੀ। ਸੁਰੱਖਿਆ ਬਲਾਂ ਨੇ ਅੱਜ ਸਵੇਰੇ ਨਾਂਬੀਆਂ ਤੇ ਮਰਸਾਰ ਦੇ ਜੰਗਲੀ ਇਲਾਕੇ ਅਤੇ ਡਾਚੀਗਾਮ ’ਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਸੂਹ ਮਿਲਣ ਮਗਰੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦੌਰਾਨ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਮਗਰੋਂ ਮੁਕਾਬਲਾ ਸ਼ੁਰੂ ਹੋਇਆ। ਕਸ਼ਮੀਰ ਦੇ ਆਈਜੀ ਵਿਜੈ ਕੁਮਾਰ ਨੇ ਕਿਹਾ ਕਿ ਲੰਬੂ ਪੁਲਵਾਮਾ ਦੇ ਲਠਪੋਰਾ ’ਚ ਹੋਏ ਹਮਲੇ ਦੀ ਸਾਜ਼ਿਸ਼ ਬਣਾਉਣ ਵਾਲਿਆਂ ’ਚ ਸ਼ਾਮਲ ਸੀ ਅਤੇ ਕੌਮੀ ਜਾਂਚ ਏਜੰਸੀ ਵੱਲੋਂ ਦਾਖ਼ਲ ਕੀਤੀ ਗਈ ਚਾਰਜਸ਼ੀਟ ’ਚ ਉਸ ਦਾ ਨਾਮ ਵੀ ਸੀ। ਉਨ੍ਹਾਂ ਕਿਹਾ ਕਿ ਦੂਜੇ ਦਹਿਸ਼ਤਗਰਦ ਦੀ ਸ਼ਨਾਖ਼ਤ ਸਮੀਰ ਡਾਰ ਵਜੋਂ ਹੋਈ ਹੈ। ਫਿਦਾਈਨ ਆਦਿਲ ਡਾਰ ਨੇ 14 ਫਰਵਰੀ, 2019 ’ਚ ਧਮਾਕਾਖੇਜ਼ ਸਮੱਗਰੀ ਨਾਲ ਭਰੇ ਵਾਹਨ ਨੂੰ ਸੀਆਰਪੀਐੱਫ ਦੇ ਕਾਫ਼ਲੇ ਨਾਲ ਟੱਕਰ ਮਾਰ ਦਿੱਤੀ ਸੀ ਜਿਸ ’ਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ ਸਨ। -ਪੀਟੀਆਈ
ਐੱਨਆਈਏ ਨੇ ਜੰਮੂ ਕਸ਼ਮੀਰ ’ਚ 15 ਥਾਵਾਂ ’ਤੇ ਛਾਪੇ ਮਾਰੇ
ਜੰਮੂ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਜੰਮੂ ਕਸ਼ਮੀਰ ’ਚ 15 ਥਾਵਾਂ ’ਤੇ ਛਾਪੇ ਮਾਰਦਿਆਂ ਲਸ਼ਕਰ-ਏ-ਮੁਸਤਫ਼ਾ ਦਾ ਇਕ ਦਹਿਸ਼ਤਗਰਦ ਗ੍ਰਿਫ਼ਤਾਰ ਕੀਤਾ ਹੈ। ਇਹ ਛਾਪੇ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਆਈਈਡੀ ਅਤੇ ਹਥਿਆਰ ਸੁੱਟੇ ਜਾਣ ਦੇ ਦੋ ਕੇਸਾਂ ਨਾਲ ਸਬੰਧਤ ਹਨ। ਅਧਿਕਾਰੀਆਂ ਨੇ ਕਿਹਾ ਕਿ ਛਾਪਿਆਂ ਦੌਰਾਨ ਵੱਡੀ ਮਾਤਰਾ ’ਚ ਡਿਜੀਟਲ ਉਪਕਰਣ, ਗੋਲੀਆਂ ਦੇ ਖੋਲ, ਪਲਾਸਟਿਕ ਮਾਸਕ ਅਤੇ ਹੱਥ ਲਿਖਤ ਜਹਾਦੀ ਸਮੱਗਰੀ ਬਰਾਮਦ ਕੀਤੀ ਗਈ ਹੈ। -ਪੀਟੀਆਈ