ਲਖ਼ਨਊ: ਯੂਪੀ ਵਿਧਾਨ ਸਭਾ ਸਕੱਤਰੇਤ ਨੇ ਅੱਜ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖ਼ਾਨ ਨੂੰ ਵਿਧਾਇਕ ਵਜੋਂ ਅਯੋਗ ਐਲਾਨ ਦਿੱਤਾ ਹੈ ਤੇ ਉਨ੍ਹਾਂ ਦੀ ਵਿਧਾਇਕੀ ਰੱਦ ਹੋ ਗਈ ਹੈ। ਜ਼ਿਕਰਯੋਗ ਹੈ ਕਿ ਆਜ਼ਮ ਨੂੰ ਨਫ਼ਰਤੀ ਭਾਸ਼ਣ ਦੇ ਕੇਸ ਵਿਚ ਵੀਰਵਾਰ ਅਦਾਲਤ ਨੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਵਿਧਾਨ ਸਭਾ ਦੇ ਪ੍ਰਿੰਸੀਪਲ ਸਕੱਤਰ ਪ੍ਰਦੀਪ ਦੂਬੇ ਨੇ ਦੱਸਿਆ ਕਿ ਸਕੱਤਰੇਤ ਨੇ ਸੀਟ ਖਾਲੀ ਐਲਾਨ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮ ਨਾਲ ਹੀ ਆਜ਼ਮ ਵਿਧਾਇਕ ਵਜੋਂ ਅਯੋਗ ਹੋ ਗਏ ਸਨ, ਸਕੱਤਰੇਤ ਵੱਲੋਂ ਸਿਰਫ਼ ਐਲਾਨ ਕੀਤਾ ਗਿਆ ਹੈ ਤੇ ਸੀਟ ਖਾਲੀ ਕਰਾਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਰਾਮਪੁਰ ਦੇ ਇਕ ਭਾਜਪਾ ਆਗੂ ਨੇ ਅੱਜ ਚੋਣ ਕਮਿਸ਼ਨ ਤੋਂ ‘ਸਪਾ’ ਵਿਧਾਇਕ ਆਜ਼ਮ ਖਾਨ ਨੂੰ ਅਯੋਗ ਕਰਾਰ ਦਿੱਤੇ ਜਾਣ ਦੀ ਮੰਗ ਕੀਤੀ ਸੀ। ਖਾਨ ਨੂੰ ਨਫ਼ਰਤੀ ਭਾਸ਼ਣ ਦੇ ਕੇਸ ਵਿਚ ਤਿੰਨ ਸਾਲ ਕੈਦ ਦੀ ਸਜ਼ਾ ਹੋਣ ’ਤੇ ਅਖਨ ਸਕਸੈਨਾ ਨੇ ਚੋਣ ਕਮਿਸ਼ਨਰ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਮੰਗ ਕੀਤੀ ਸੀ ਕਿ ਆਜ਼ਮ ਦੀ ਵਿਧਾਇਕੀ ਰੱਦ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਮੁਹੰਮਦ ਆਜ਼ਮ ਖਾਨ ਰਾਮਪੁਰ ਤੋਂ ਵਿਧਾਇਕ ਸਨ। ਸਕਸੈਨਾ ਨੇ ਕਿਹਾ ਕਿ ਉਨ੍ਹਾਂ ਪੱਤਰ ਵਿਚ ਲੋਕ ਪ੍ਰਤੀਨਿਧੀ ਐਕਟ ਦੀਆਂ ਤਜਵੀਜ਼ਾਂ ਦਾ ਹਵਾਲਾ ਦਿੱਤਾ ਹੈ। ਐਕਟ ਤਹਿਤ ਜੇਕਰ ਕਿਸੇ ਲੋਕ ਪ੍ਰਤੀਨਿਧੀ ਨੂੰ ਦੋ ਸਾਲ ਕੈਦ ਦੀ ਸਜ਼ਾ ਹੁੰਦੀ ਹੈ ਤਾਂ ਉਸ ਦੀ ਵਿਧਾਇਕੀ ਰੱਦ ਕੀਤੀ ਜਾ ਸਕਦੀ ਹੈ। ਸਕਸੈਨਾ ਇਸੇ ਸਾਲ ਖਾਨ ਤੋਂ ਰਾਮਪੁਰ ਹਲਕੇ ਵਿਚੋਂ ਚੋਣ ਹਾਰੇ ਸਨ। -ਪੀਟੀਆਈ