ਲਖਨਊ, 22 ਮਈ
ਸਮਾਜਵਾਦੀ ਪਾਰਟੀ ਦੇ ਵਿਧਾਇਕ ਆਜ਼ਮ ਖ਼ਾਨ ਅਤੇ ਨਾਰਾਜ਼ ਸਮਾਜਵਾਦੀ ਆਗੂ ਸ਼ਿਵਪਾਲ ਸਿੰਘ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਹੋਈ ਪਾਰਟੀ ਵਿਧਾਇਕਾਂ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਹਨ।
ਮੀਟਿੰਗ ਵਿੱਚ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਪਾਰਟੀ ਵਿਧਾਇਕਾਂ ਨੂੰ ਲੋਕ ਹਿੱਤ ਦੇ ਮੁੱਦੇ ਉਠਾਉਣ ਲਈ ਆਖਿਆ ਹੈ। ਸ਼ਿਵਪਾਲ ਸਿੰਘ ਆਪਣੇ ਭਤੀਜੇ ਅਤੇ ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨਾਲ ਮਤਭੇਦਾਂ ਦੇ ਚੱਲਦਿਆਂ ਇਸ ਤੋਂ ਪਹਿਲਾਂ ਵੀ ਵਿਧਾਇਕਾਂ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਸਨ। ਸ਼ਿਵਪਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਖਿਲੇਸ਼ ਤੋਂ ਵੱਖ ਹੋ ਗਏ ਸਨ ਅਤੇ ਉਨ੍ਹਾਂ ਨੇ ਆਪਣੀ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ-ਲੋਹੀਆ ਬਣਾ ਲਈ ਸੀ। ਹਾਲਾਂਕਿ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦੇ ਚੋਣ ਨਿਸ਼ਾਨ ’ਤੇ ਹੀ ਲੜੀਆਂ ਸਨ। ਪਾਰਟੀ ਸੂਤਰਾਂ ਮੁਤਾਬਕ ਆਜ਼ਮ ਖ਼ਾਨ ਸਿਹਤ ਸਬੰਧੀ ਕਾਰਨਾਂ ਕਰਕੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਹਾਲਾਂਕਿ ਆਜ਼ਮ ਖ਼ਾਨ ਆਪਣੇ ਪੁੱਤਰ ਅਬਦੁੱਲ੍ਹਾ ਆਜ਼ਮ ਨਾਲ ਰਾਮਪੁਰ ਵਿੱਚ ਜ਼ਿਲ੍ਹਾ ਜੇਲ੍ਹ ਜਾਂਦੇ ਦੇਖੇ ਗਏ ਸਨ, ਜਿੱਥੇ ਉਨ੍ਹਾਂ ਦੇ ਸਮਰਥਕ ਵੱਖ-ਵੱਖ ਕੇਸਾਂ ਤਹਿਤ ਬੰਦ ਹਨ। -ਪੀਟੀਆਈ
ਪਾਰਟੀ ਨਾਲ ਨਾਰਾਜ਼ਗੀ ਦਾ ਕੋਈ ਕਾਰਨ ਨਹੀਂ: ਆਜ਼ਮ ਖਾਨ
ਰਾਮਪੁਰ: ਪਾਰਟੀ ਮੀਟਿੰਗ ਵਿੱਚੋਂ ਗ਼ੈਰਹਾਜ਼ਰੀ ਲਈ ਨਿਸ਼ਾਨੇ ’ਤੇ ਆਏ ਸੀਨੀਅਰ ਸਪਾ ਆਗੂ ਆਜ਼ਮ ਖਾਨ ਨੇ ਕਿਹਾ ਕਿ ਉਹ ਬਹੁਤ ‘ਗਰੀਬ ਵਿਅਕਤੀ’ ਹਨ, ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਅਤੇ ਉਨ੍ਹਾਂ ਕੋਲ ਪਾਰਟੀ ਨਾਲ ਨਾਰਾਜ਼ ਰਹਿਣ ਦਾ ਕੋਈ ਕਾਰਨ ਵੀ ਨਹੀਂ ਹੈ। ਆਜ਼ਮ ਖਾਨ 27 ਮਹੀਨੇ ਨਿਆਂਇਕ ਹਿਰਾਸਤ ਵਿੱਚ ਬਿਤਾਉਣ ਮਗਰੋਂ ਸ਼ੁੱਕਰਵਾਰ ਨੂੰ ਜ਼ਮਾਨਤ ਉੱਤੇ ਰਿਹਾਅ ਹੋਏ ਹਨ। -ਪੀਟੀਆਈ