ਅਯੁੱਧਿਆ (ਉੱਤਰ ਪ੍ਰਦੇਸ਼), 28 ਅਗਸਤ
ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ‘ਭੂਮੀ ਪੂਜਨ’ ਦੇ ਦੋ ਸਾਲਾਂ ਦੇ ਅੰਦਰ ਮੰਦਰ ਦਾ 40 ਫੀਸਦੀ ਤੋਂ ਵੱਧ ਕੰਮ ਪੂਰਾ ਹੋ ਗਿਆ ਹੈ। ਮੰਦਰ ਦੇ ਨਿਰਮਾਣ ਦੀ ਜ਼ਿੰਮੇਵਾਰੀ ਸੰਭਾਲ ਰਹੇ ਟਰੱਸਟ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਸ੍ਰੀ ਰਾਮ ਜਨਮ ਭੂਮੀ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ ਦੁਨੀਆ ਭਰ ਦੇ ਸ਼ਰਧਾਲੂ ਦਸੰਬਰ 2023 ਤੋਂ ਇੱਥੇ ਭਗਵਾਨ ਰਾਮ ਦੀ ਪੂਜਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਰਫ ਮੰਦਰ ਹੀ ਨਹੀਂ, ਸਗੋਂ ਇਸ ਦੇ ਆਲੇ-ਦੁਆਲੇ ਸੜਕੀ ਢਾਂਚਾ ਬਿਹਤਰ ਬਣਾਉਣ ਲਈ ਵੀ ਨਿਰਮਾਣ ਅਤੇ ਮੁਰੰਮਤ ਕਾਰਜ ਪੂਰੇ ਜ਼ੋਰਾਂ ’ਤੇ ਚੱਲ ਰਹੇ ਹਨ। ਰਾਏ ਨੇ ਕਿਹਾ, ‘‘ਮੰਦਰ ਦਾ ਨਿਰਮਾਣ ਕਾਰਜ 40 ਫੀਸਦ ਤੋਂ ਵੱਧ ਪੂਰਾ ਹੋ ਚੁੱਕਾ ਹੈ। ਦਸੰਬਰ 2023 ਤੋਂ ਦਰਸ਼ਨ ਸ਼ੁਰੂ ਹੋਣ ਦੀ ਸੰਭਾਵਨਾ ਹੈ।’’
ਜ਼ਿਕਰਯੋਗ ਹੈ ਕਿ ਰਾਏ ਵੱਲੋਂ ਉਸਾਰੀ ਦੇ ਕੰਮ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਸਾਰੀ ਲਈ ਵਰਤੇ ਜਾਣ ਵਾਲੇ ਪੈਸਿਆਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਭਗਵਾਨ ਦੇ ਕਾਰਜ ਲਈ ਪੈਸੇ ਦੀ ਕੋਈ ਕਮੀ ਨਹੀਂ ਹੋ ਸਕਦੀ। ਭਗਵਾਨ ਦੇ ਚਰਨਾਂ ’ਚ ਲਕਸ਼ਮੀ ਬੈਠੀ ਰਹਿੰਦੀ ਹੈ।’’ ਉਨ੍ਹਾਂ ਦੱਸਿਆ ਕਿ ਮੰਦਰ ਦੇ ਅੰਦਰ ਰਾਜਸਥਾਨ ਦੀਆਂ ਮਕਰਾਨਾ ਪਹਾੜੀਆਂ ਦੇ ਚਿੱਟੇ ਸੰਗਮਰਮਰ ਦੀ ਵਰਤੋਂ ਕੀਤੀ ਜਾਵੇਗੀ, ਜਿਸ ’ਤੇ ਨੱਕਾਸ਼ੀ ਦਾ ਕੰਮ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਅਗਸਤ 2020 ਨੂੰ ‘ਭੂਮੀ ਪੂਜਨ’ ਕਰ ਕੇ ਮੰਦਰ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਸੀ। -ਪੀਟੀਆਈ