ਨਵੀਂ ਦਿੱਲੀ/ਮੁੰਬਈ/ਲਖਨਊ, 14 ਜੂਨ
ਰਾਮ ਮੰਦਰ ਟਰੱਸਟ ਵੱਲੋਂ ਖ਼ਰੀਦੀ ਜ਼ਮੀਨ ਦੇ ਮੁੱਦੇ ਉਤੇ ਵਿਵਾਦ ਉੱਭਰਨ ਤੋਂ ਬਾਅਦ ਕਾਂਗਰਸ ਨੇ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ ਦਾ ਨੋਟਿਸ ਲਏ ਅਤੇ ਆਪਣੀ ਨਿਗਰਾਨੀ ਹੇਠ ਜਾਂਚ ਕਰਵਾਏ। ਕਾਂਗਰਸ ਨੇ ਕਿਹਾ ਹੈ ਕਿ ਇਹ ਕਰੋੜਾਂ ਸ਼ਰਧਾਲੂਆਂ ਦੀ ਸ਼ਰਧਾ ਦਾ ਨਿਰਾਦਰ ਕਰਨ ਦੇ ਬਰਾਬਰ ਹੈ। ਦੱਸਣਯੋਗ ਹੈ ਕਿ ਸ੍ਰੀ ਰਾਮ ਜਨਮਭੂਮੀ ਤੀਰਥ ਕਸ਼ੇਤਰ ਟਰੱਸਟ ਉਤੇ ਦੋਸ਼ ਲਾਏ ਗਏ ਹਨ ਕਿ ਉਨ੍ਹਾਂ ਮੰਦਰ ਲਈ ਉਹ ਜ਼ਮੀਨ 18.5 ਕਰੋੜ ਰੁਪਏ ਵਿਚ ਖ਼ਰੀਦੀ ਜੋ ਪਹਿਲਾਂ ਦੋ ਕਰੋੜ ਰੁਪਏ ਵਿਚ ਲਈ ਗਈ ਸੀ। ਪਰ ਟਰੱਸਟ ਨੇ ਵਿਰੋਧੀ ਧਿਰਾਂ ਵੱਲੋਂ ਲਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਐਤਵਾਰ ਦਾਅਵਾ ਕੀਤਾ ਕਿ ਪਹਿਲੀ ਖ਼ਰੀਦ ਲਈ ਸਟੈਂਪ ਪੇਪਰ ਸ਼ਾਮ 5.11 ਉਤੇ ਲਏ ਗਏ ਤੇ ਦੂਜੀ ਖ਼ਰੀਦ ਲਈ 5.22 ਉਤੇ ਲਏ ਗਏ। ਐਨੇ ਸਮੇਂ ਵਿਚ ਹੀ ਜ਼ਮੀਨ ਦਾ ਭਾਅ ਕਈ ਗੁਣਾ ਵਧ ਗਿਆ। ਸੰਜੈ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਜਾਂ ਈਡੀ ਕੋਲ ਕਰਵਾਉਣ ਦੀ ਮੰਗ ਕੀਤੀ। ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਇਕ ਮੀਡੀਆ ਕਾਨਫਰੰਸ ਦੌਰਾਨ ਕਿਹਾ ਕਿ ‘ਟਰੱਸਟ ਸੁਪਰੀਮ ਕੋਰਟ ਦੀਆਂ ਹਦਾਇਤਾਂ ਉਤੇ ਬਣਿਆ ਸੀ ਤੇ ਹੁਣ ਅਦਾਲਤ ਨੂੰ ਖ਼ੁਦ ਹੀ ਇਸ ਮਾਮਲੇ ਦਾ ਨੋਟਿਸ ਲੈ ਕੇ ਜਾਂਚ ਕਰਵਾਉਣੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਅਦਾਲਤ ਨੂੰ ਸਾਰੇ ਖਾਤਿਆਂ ਦਾ ਆਡਿਟ ਕਰਵਾਉਣਾ ਚਾਹੀਦਾ ਹੈ ਤੇ ਜ਼ਮੀਨ ਦੀ ਖ਼ਰੀਦ ਸਣੇ ਸਾਰੀ ਰਿਪੋਰਟ ਨੂੰ ਜਨਤਕ ਕਰਨਾ ਚਾਹੀਦਾ ਹੈ। ਕਾਂਗਰਸ ਆਗੂ ਨੇ ਨਾਲ ਹੀ ਕਿਹਾ ਕਿ ਨਿਰਮਾਣ ਕਾਰਜ ਨਹੀਂ ਰੁਕਣਾ ਚਾਹੀਦਾ ਪਰ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਕਰੋੜਾਂ ਰਾਮ ਭਗਤਾਂ ਦੀ ਆਸਥਾ ਦਾ ਮਾਮਲਾ ਹੈ। ਪ੍ਰਿਯੰਕਾ ਗਾਂਧੀ ਨੇ ਵੀ ਇਕ ਟਵੀਟ ਵਿਚ ਸੌਦੇ ਨਾਲ ਜੁੜੇ ਲੋਕਾਂ ਉਤੇ ਹੱਲਾ ਬੋਲਦਿਆਂ ਕਿਹਾ ‘ਸ਼ਰਧਾ ਨਾਲ ਰਾਸ਼ੀ ਦੇਣ ਵਾਲਿਆਂ ਦਾ ਇਹ ਨਿਰਾਦਰ ਹੈ।’ ਕਾਂਗਰਸ ਆਗੂ ਨੇ ਕਿਹਾ ਕਿ ਕਰੋੜਾਂ ਲੋਕਾਂ ਨੇ ਰੱਬ ਦੇ ਨਾਂ ਉਤੇ ਆਪਣੀ ਸ਼ਰਧਾ ਤੇ ਸਮਰਪਣ ਨਾਲ ਰਾਸ਼ੀ ਦਿੱਤੀ ਹੈ ਤੇ ਇਸ ਵਿਚ ਭ੍ਰਿਸ਼ਟਾਚਾਰ ਕਰਨਾ ਪਾਪ ਹੈ। ਸਿਆਸੀ ਪਾਰਟੀ ‘ਐੱਸਬੀਐੱਸਪੀ’ ਦੇ ਮੁਖੀ ਓਮ ਪ੍ਰਕਾਸ਼ ਰਾਜਭਰ ਨੇ ਵੀ ਦੋਸ਼ ਲਾਇਆ ਕਿ ਭਾਜਪਾ ਤੇ ਆਰਐੱਸਐੱਸ ਨੇ ਰਾਮ ਮੰਦਰ ਨੂੰ ‘ਵਪਾਰ ਦਾ ਸਾਧਨ’ ਬਣਾ ਲਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਸਵਾਲ ਕੀਤਾ ਕਿ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਦੋਂ ਕੀਤੀ ਜਾਵੇਗੀ। ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਟਰੱਸਟ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਆਸਥਾ ਦੇ ਨਾਂ ਉਤੇ ਇਕੱਠੇ ਕੀਤੇ ਗਏ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ ਤਾਂ ਸਪੱਸ਼ਟੀਕਰਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਰਾਮ ਮੰਦਰ ਨਿਰਮਾਣ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਰਾਊਤ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ‘ਆਪ’ ਆਗੂ ਸੰਜੈ ਸਿੰਘ ਨਾਲ ਗੱਲਬਾਤ ਹੋਈ ਹੈ ਤੇ ‘ਜਿਹੜੇ ਸਬੂਤ ਉਨ੍ਹਾਂ ਦਿੱਤੇ ਹਨ ਉਹ ਹੈਰਾਨ ਕਰਨ ਵਾਲੇ ਹਨ।’ ਰਾਊਤ ਨੇ ਕਿਹਾ ਕਿ ਭਗਵਾਨ ਰਾਮ ਤੇ ਰਾਮ ਮੰਦਰ ਲਈ ਲੜਾਈ ਸਾਡੇ ਲਈ ਸ਼ਰਧਾ ਦਾ ਮਾਮਲਾ ਹੈ। ਕੁਝ ਲੋਕਾਂ ਲਈ, ਇਹ ਸਿਆਸੀ ਮੁੱਦਾ ਹੈ। ਉਨ੍ਹਾਂ ਕਿਹਾ ਮੰਦਰ ਦੇ ‘ਭੂਮੀਪੂਜਨ’ ਵਿਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਵੀ ਹਾਜ਼ਰ ਸਨ। ਉਨ੍ਹਾਂ ਨੂੰ ਵੀ ਇਸ ਮਾਮਲੇ ’ਤੇ ਜਵਾਬ ਦੇਣਾ ਚਾਹੀਦਾ ਹੈ। -ਪੀਟੀਆਈ
‘ਮਿੰਟਾਂ ਵਿਚ ਜ਼ਮੀਨ ਦਾ ਭਾਅ ਕਈ ਗੁਣਾ ਕਿਵੇਂ ਵਧ ਗਿਆ?’
ਅਯੁੱਧਿਆ: ਅਯੁੱਧਿਆ ਵਿਚ ਇਕ ਹੋਰ ਕਾਨਫਰੰਸ ਵਿਚ ਸਮਾਜਵਾਦੀ ਪਾਰਟੀ (ਸਪਾ) ਦੇ ਆਗੂ ਤੇ ਸਾਬਕਾ ਵਿਧਾਇਕ ਪਵਨ ਪਾਂਡੇ ਨੇ ਵੀ ਇਹੀ ਸਵਾਲ ਉਠਾਏ। ਉਨ੍ਹਾਂ ਕਿਹਾ ‘ਜ਼ਮੀਨ ਦਾ ਇਕ ਟੁਕੜਾ ਦੋ ਕਰੋੜ ਰੁਪਏ ਵਿਚ ਖ਼ਰੀਦਿਆ ਗਿਆ ਤੇ ਟਰੱਸਟੀ ਗਵਾਹ ਸਨ। ਕੀ ਜ਼ਮੀਨ ’ਚੋਂ ਸੋਨਾ ਨਿਕਲਣਾ ਸ਼ੁਰੂ ਹੋ ਗਿਆ ਜੋ ਕੁਝ ਮਿੰਟਾਂ ਬਾਅਦ ਹੀ ਇਹ 18.5 ਕਰੋੜ ਰੁਪਏ ਵਿਚ ਖ਼ਰੀਦੀ ਗਈ?’ ਟਰੱਸਟੀ ਅਨਿਲ ਮਿਸ਼ਰਾ ਮੇਅਰ ਰਿਸ਼ੀਕੇਸ਼ ਉਪਾਧਿਆਏ ਨਾਲ ਇਸ ਖ਼ਰੀਦ ਸੌਦੇ ਵਿਚ ਗਵਾਹ ਹਨ।
ਟਰੱਸਟ ਵੱਲੋਂ ਦੋਸ਼ ਖਾਰਜ, ਸਿਆਸੀ ਲੋਕਾਂ ’ਤੇ ਗੁਮਰਾਹ ਕਰਨ ਦਾ ਦੋਸ਼
ਅਯੁੱਧਿਆ: ਟਰੱਸਟ ਨੇ ਇਸ ਮਾਮਲੇ ਵਿਚ ਐਤਵਾਰ ਅੱਧੀ ਰਾਤ ਨੂੰ ਇਕ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਹੁਣ ਜਿਸ ਵਿਅਕਤੀ ਨੇ ਜ਼ਮੀਨ ਵੇਚੀ ਹੈ, ਕਈ ਸਾਲ ਪਹਿਲਾਂ ਇਕ ਮੁੱਲ ਉਤੇ ਉਸ ਨੇ ਰਜਿਸਟਰਡ ਸਮਝੌਤਾ ਕੀਤਾ ਸੀ, ਅਤੇ ਬੈਅਨਾਮੇ (ਸੇਲ ਡੀਡ) ਤੋਂ ਬਾਅਦ 18 ਮਾਰਚ ਨੂੰ ਉਸ ਨੇ ਜ਼ਮੀਨ ਟਰੱਸਟ ਨੂੰ ਵੇਚੀ ਹੈ। ਟਰੱਸਟ ਵੱਲੋਂ ਜਾਰੀ ਬਿਆਨ ਉਤੇ ਸਕੱਤਰ ਚੰਪਤ ਰਾਏ ਦੇ ਹਸਤਾਖ਼ਰ ਹਨ। ਟਰੱਸਟ ਮੁਤਾਬਕ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕਈ ਲੋਕ ਜ਼ਮੀਨ ਖ਼ਰੀਦਣ ਲਈ ਅਯੁੱਧਿਆ ਆਉਣ ਲੱਗੇ ਤੇ ਯੂਪੀ ਸਰਕਾਰ ਵੀ ਕਾਫ਼ੀ ਜ਼ਮੀਨ ਖ਼ਰੀਦ ਰਹੀ ਸੀ। ਇਸ ਲਈ ਜ਼ਮੀਨ ਦੇ ਭਾਅ ਚੜ੍ਹ ਗਏ। ਜੋ ਜ਼ਮੀਨ ਚਰਚਾ ਦਾ ਵਿਸ਼ਾ ਹੈ ਉਹ ਰੇਲਵੇ ਸਟੇਸ਼ਨ ਦੇ ਨੇੜੇ ਹੈ ਤੇ ਅਹਿਮ ਹੈ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਖ਼ਰੀਦੀ ਗਈ ਸਾਰੀ ਜ਼ਮੀਨ ਮਾਰਕੀਟ ਰੇਟ ਤੋਂ ਕਾਫ਼ੀ ਘੱਟ ਹੈ। ਟਰੱਸਟ ਨੇ ਕਿਹਾ ਕਿ ਸਿਆਸੀ ਲੋਕ ਝੂਠਾ ਫੈਲਾ ਰਹੇ ਹਨ ਤੇ ਇਸ ਮੁੱਦੇ ਉਤੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।
ਸੰਜੈ ਸਿੰਘ ਨੇ ਈ-ਸਟੈਂਪ ਖ਼ਰੀਦਣ ਦੇ ਸਮੇਂ ਬਾਰੇ ਉਠਾਏ ਸਵਾਲ
ਨਵੀਂ ਦਿੱਲੀ: ‘ਆਪ’ ਆਗੂ ਸੰਜੈ ਸਿੰਘ ਨੇ ਕਿਹਾ ‘ਜੋ ਜ਼ਮੀਨ ਮੰਦਰ ਟਰੱਸਟ ਨੇ ਖ਼ਰੀਦੀ, ਉਸ ਦੇ ਐਗਰੀਮੈਂਟ ਲਈ ਈ-ਸਟੈਂਪ 5.11 ’ਤੇ ਖ਼ਰੀਦੀ ਗਈ। ਰਵੀਮੋਹਨ ਤਿਵਾੜੀ ਨੇ ਜੋ ਜ਼ਮੀਨ ਹਰੀਸ਼ ਪਾਠਕ ਨਾਂ ਦੇ ਵਿਅਕਤੀ ਤੋਂ ਖ਼ਰੀਦੀ ਸੀ ਉਸ ਦਾ ਈ-ਸਟੈਂਪ 5.22 ਉਤੇ ਖ਼ਰੀਦਿਆ ਗਿਆ। ਉਨ੍ਹਾਂ ਸਵਾਲ ਕੀਤਾ ਕਿ ਆਖ਼ਰ ਟਰੱਸਟ ਨੇ ਸਟੈਂਪ ਪਹਿਲਾਂ ਹੀ ਕਿੱਦਾਂ ਖ਼ਰੀਦ ਲਿਆ।’ -ਪੀਟੀਆਈ
ਮੰਦਰ ਨਿਰਮਾਣ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਕਿਹਾ ਹੈ ਕਿ ਵਿਰੋਧੀ ਧਿਰਾਂ ਮੰਦਰ ਨਿਰਮਾਣ ਨੂੰ ‘ਬਦਨਾਮ ਕਰ ਕੇ ਲੀਹ ਤੋਂ ਲਾਹੁਣ’ ਦੀ ਕੋਸ਼ਿਸ਼ ਕਰ ਰਹੀਆਂ ਹਨ। ਭਾਜਪਾ ਦੇ ਸੂਚਨਾ ਤੇ ਤਕਨੀਕ ਵਿੰਗ ਦੇ ਇੰਚਾਰਜ ਅਮਿਤ ਮਾਲਵੀਆ ਨੇ ਕਿਹਾ ਕਿ ਜਿਹੜੀਆਂ ਸਿਆਸੀ ਧਿਰਾਂ ਦਹਾਕਿਆਂ ਤੋਂ ਅਦਾਲਤ ਵਿਚ ਰਾਮ ਜਨਮਭੂਮੀ ਬਾਰੇ ਫ਼ੈਸਲੇ ਵਿਚ ਅੜਿੱਕਾ ਪਾ ਰਹੀਆਂ ਹਨ, ਉਨ੍ਹਾਂ ਤੋਂ ਆਸ ਨਹੀਂ ਕੀਤੀ ਜਾ ਸਕਦੀ ਕਿ ਉਹ ਮੰਦਰ ਦੀ ਉਸਾਰੀ ਸੌਖੇ ਢੰਗ ਨਾਲ ਪੂਰੀ ਹੋਣ ਦੇਣ। ਯੂਪੀ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਵੀ ਵਿਰੋਧੀ ਧਿਰ ’ਤੇ ਨਿਸ਼ਾਨਾ ਸੇਧਿਆ ਤੇ ਕਿਹਾ ਕਿ ਟਰੱਸਟ ਇਸ ਸਾਰੇ ਮਾਮਲੇ ਦਾ ਜਵਾਬ ਦੇਵੇਗਾ। -ਪੀਟੀਆਈ