ਜੈਪੁਰ/ਗੁਰੂਗ੍ਰਾਮ, 20 ਜੁਲਾਈ
ਵਿਧਾਇਕਾਂ ਦੀ ਕਥਿਤ ਖਰੀਦੋ ਫਰੋਖ਼ਤ ਮਾਮਲੇ ਵਿੱਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਸਪੈਸ਼ਲ ਅਪਰੇਸ਼ਨ ਗਰੁੱਪ(ਐੱਸਓਜੀ)ਨੇ ਨੋਟਿਸ ਭੇਜਿਆ ਹੈ। ਨੋਟਿਸ ਕੇਂਦਰੀ ਮੰਤਰੀ ਦੇ ਦਿੱਲੀ ਨਿਵਾਸ ’ਤੇ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ਵਿੱਚ ਇਕ ਆਡੀਓ ਕਲਿੱਪ ਰਾਹੀਂ ਇਹ ਦਾਅਵਾ ਕੀਤਾ ਗਿਆ ਹੈ ਕਿ ਗਹਿਲੋਤ ਸਰਕਾਰ ਡੇਗਣ ਦੀ ਸਾਜ਼ਿਸ਼ ਕੀਤੀ ਗਈ ਹੈ। ਸਰਕਾਰ ਅਨੁਸਾਰ ਇਸ ਕਥਿਤ ਆਡੀਓ ਕਲਿੱਪ ਵਿੱਚ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਆਵਾਜ਼ ਹੋਣ ਦਾ ਦਾਅਵਾ ਕੀਤਾ ਗਿਆ ਹੈ। ਐੱਸਓਜੀ ਨੇ ਨੋਟਿਸ ਵਿੱਚ ਪੁੱਛਗਿਛ ਲਈ ਸਮੇਂ ਦੀ ਮੰਗ ਕੀਤੀ ਹੈ। ਦੂਜੇ ਪਾਸੇ ਸ਼ੇਖਾਵਤ ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ।
ਇਸੇ ਦੌਰਾਨ ਵਿਧਾਇਕਾਂ ਦੀ ਤਲਾਸ਼ ਵਿੱਚ ਐਤਵਾਰ ਦੇਰ ਰਾਤ ਐੱਸਓਜੀ ਦੀ ਟੀਮ ਗੁਰੂਗ੍ਰਾਮ ਦੇ ਰਿਜ਼ਾਰਟ ਪੁੱਜੀ ਸੀ। ਕਾਬਿਲੇਗੌਰ ਹੈ ਕਿ ਬਾਗੀ ਵਿਧਾਇਕ ਇਥੇ ਇਕ ਹੋਟਲ ਵਿੱਚ ਠਹਿਰੇ ਹੋਏ ਹਨ। ਟੀਮ ਐਫਆਈਆਰ ਵਿੱਚ ਨਾਮਜ਼ਦ ਵਿਧਾਇਕਾਂ ਤੋਂ ਪੁੱਛਗਿਛ ਲਈ ਉਥੇ ਪੁੱਜੀ ਸੀ। ਪਰ ਵੱਡੀ ਗਿਣਤੀ ਪੁਲੀਸ ਦੀ ਮੌਜੂਦਗੀ ਵਿੱਚ ਪ੍ਰਬੰਧਕਾਂ ਨੇ ਰਿਜ਼ੌਰਟ ਦਾ ਗੇਟ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਟੀਮ ਨੂੰ ਬੇਰੰਗ ਪਰਤਣਾ ਪਿਆ। ਰਾਜਸਥਾਨ ਐਸਓਜੀ ਦੀਆਂ ਟੀਮਾਂ ਨੇ ਦਿੱਲੀ ਸਮੇਤ ਕਈ ਥਾਵਾਂ ’ਤੇ ਡੇਰੇ ਲਾਏ ਹੋਏ ਹਨ।