ਨਵੀਂ ਦਿੱਲੀ, 17 ਸਤੰਬਰ
ਮੂਰਤੀਕਾਰ ਅਰੁਨ ਯੋਗੀਰਾਜ ਵੱਲੋਂ ਬਣਾਈ ਗਈ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਅਤੇ ਰਾਸ਼ਟਰਮੰਡਲ ਖੇਡਾਂ ਦੇ ਜੇਤੂਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਟ ਕੀਤੇ ਗਏ ਤੋਹਫਿਆਂ ਸਣੇ ਕਰੀਬ 1200 ਤੋਂ ਜ਼ਿਆਦਾ ਤੋਹਫਿਆਂ ਦੀ ਨਿਲਾਮੀ ਅੱਜ ਸ਼ੁਰੂ ਹੋ ਗਈ। ਇਹ ਨਿਲਾਮੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਅੱਜ ਸਵੇਰੇ ਸ਼ੁਰੂ ਹੋਈ। ਕੇਂਦਰੀ ਸਭਿਆਚਾਰਕ ਮੰਤਰੀ ਜੀ ਕਿਸ਼ਨ ਰੈੱਡੀ ਨੇ ਟਵੀਟ ਕੀਤਾ, ‘‘ਸਮਾਂ ਆ ਗਿਆ ਹੈ। ਸਵੇਰ ਦੇ 10 ਵਜੇ ਹਨ ਅਤੇ ਪ੍ਰਧਾਨ ਮੰਤਰੀ ਦੇ ਤੋਹਫਿਆਂ ਦੀ ਨਿਲਾਮੀ ਹੁਣ ਸ਼ੁਰੂ ਹੋ ਗਈ ਹੈ ਅਤੇ ਲਾਈਵ ਚੱਲ ਰਹੀ ਹੈ। ਵੈੱਬਸਾਈਟ ਪੀਐੱਮਮੋਮੈਂਟੋਜ਼.ਗੋਵ ’ਤੇ ਰਜਿਸਟਰੇਸ਼ਨ ਕਰਵਾ ਕੇ ਨਿਲਾਮੀ ’ਚ ਸ਼ਾਮਲ ਹੋਵੋ, ਜਿਸ ’ਤੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਖਾਸ ਤੋਹਫੇ (ਨਿਲਾਮੀ ਲਈ) ਰੱਖੇ ਗਏ ਹਨ।’’ ਇਕ ਅਧਿਕਾਰੀ ਨੇ ਕਿਹਾ ਕਿ ਇਹ ਨਿਲਾਮੀ 2 ਅਕਤੂਬਰ ਨੂੰ ਸਮਾਪਤ ਹੋਵੇਗੀ। ਕੁਝ ਤੋਹਫਿਆਂ ਨੂੰ ਕੌਮੀ ਆਧੁਨਿਕ ਕਲਾ ਗੈਲਰੀ ਵਿੱਚ ਪ੍ਰਦਰਸ਼ਨੀ ਲਈ ਲਗਾਇਆ ਗਿਆ ਹੈ। -ਪੀਟੀਆਈ