ਨਵੀਂ ਦਿੱਲੀ, 20 ਨਵੰਬਰ
ਅਟਾਰਨੀ ਜਨਰਲ ਕੇ.ਕੇ.ਵੇਣੂਗੋਪਾਲ ਨੇ ਸੁਪਰੀਮ ਕੋਰਟ ਤੇ ਭਾਰਤ ਦੇ ਚੀਫ਼ ਜਸਟਿਸ ਖ਼ਿਲਾਫ਼ ਕੀਤੇ ‘ਇਤਰਾਜ਼ਯੋਗ ਟਵੀਟਾਂ’ ਲਈ ਸਟੈਂਡ-ਅਪ ਕਾਮੇਡੀਅਨ ਕੁਨਾਲ ਕਾਮਰਾ ਖ਼ਿਲਾਫ਼ ਅਦਾਲਤੀ ਹੱਤਕ ਤਹਿਤ ਕਾਰਵਾਈ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਕਾਮਰਾ ਨੇ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਖੁ਼ਦਕੁਸ਼ੀ ਲਈ ਕਥਿਤ ਉਕਸਾਉਣ ਮਾਮਲੇ ’ਚ ਦਿੱਤੀ ਜ਼ਮਾਨਤ ਨੂੰ ਲੈ ਕੇ ਸੁਪਰੀਮ ਕੋਰਟ ਤੇ ਸੀਜੇਆਈ ਐੱਸ.ਏ.ਬੋਬੜੇ ਖ਼ਿਲਾਫ਼ ‘ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਵੇਣੂਗੋਪਾਲ ਨੇ ਕਾਮਰਾ ਦੀਆਂ ਇਨ੍ਹਾਂ ਟਿੱਪਣੀਆਂ ਨੂੰ ‘ਘਟੀਆ ਤੇ ਇਤਰਾਜ਼ਯੋਗ’ ਦੱਸਦਿਆਂ ਕਿਹਾ ਕਿ ਇਹ ਸੁਪਰੀਮ ਕੋਰਟ ਦੀ ਪ੍ਰਭੂਤਾ ਨੂੰ ਨੀਵਾਂ ਵਿਖਾਉਣ ਦਾ ਯਤਨ ਹੈ। ਚੇਤੇ ਰਹੇ ਕਿ ਕਿਸੇ ਵਿਅਕਤੀ ਖ਼ਿਲਾਫ਼ ਅਦਾਲਤੀ ਹੱਤਕ ਦੇ ਦੋਸ਼ਾਂ ਤਹਿਤ ਕਾਰਵਾਈ ਲਈ ਅਟਾਰਨੀ ਜਨਰਲ ਜਾਂ ਸੌਲੀਸਿਟਰ ਜਨਰਲ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ। -ਪੀਟੀਆਈ