ਨਵੀਂ ਦਿੱਲੀ, 22 ਜਨਵਰੀ
ਦੇਸ਼ ਦੀ ਰਾਜਧਾਨੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਮਸ਼ਹੂਰ ਪੰਜਾਬੀ ਫ਼ਨਕਾਰ ਦਲੇਰ ਮਹਿੰਦੀ ਦਾ ਮੰਨਣਾ ਹੈ ਕਿ ਕਿਸੇ ਲਈ ਆਵਾਜ਼ ਬੁਲੰਦ ਕਰਨਾ ਚੰਗੀ ਗੱਲ ਹੈ ਪਰ ਆਗੂਆਂ ਵੱਲੋਂ ਦਿੱਤੇ ਗਏ ਸੁਝਾਅ ਨਾਲ ਹੀ ਇਸ ਮਸਲੇ ਦਾ ਹੱਲ ਹੋ ਸਕਦਾ ਹੈ। ਕਿਸਾਨ ਅੰਦੋਲਨ ਵਿੱਚ ਫ਼ਿਲਮੀ ਹਸਤੀਆਂ ਤੇ ਗਾਇਕਾਂ ਦੇ ਹਾਜ਼ਰੀ ਭਰਨ ਨਾਲ ਮਸਲਾ ਹੱਲ ਨਹੀਂ ਹੋਣਾ। ਜਾਣਕਾਰੀ ਅਨੁਸਾਰ ਦਲੇਰ ਮਹਿੰਦੀ ਦੇ ਭਰਾ ਮੀਕਾ ਸਿੰਘ, ਦਲਜੀਤ ਦੁਸਾਂਝ, ਹਿਮਾਂਸ਼ੀ ਖੁਰਾਨਾ ਅਤੇ ਬੌਲੀਵੁੱਡ ਅਦਾਕਾਰਾ ਸਵਰਾ ਭਾਸਕਰ ਸਮੇਤ ਵੱਡੀ ਗਿਣਤੀ ਫ਼ਿਲਮੀ ਹਸਤੀਆਂ ਤੇ ਕਲਾਕਾਰ ਕਿਸਾਨ ਅੰਦੋਲਨ ਵਿੱਚ ਹਾਜ਼ਰੀ ਭਰ ਚੁੱਕੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਧਰਨੇ ਵਾਲੀ ਥਾਂ ’ਤੇ ਫ਼ਿਲਮੀ ਹਸਤੀਆਂ ਦੇ ਹੋਣ ਨਾਲ ਸਮਾਜਿਕ ਪੱਖੋਂ ਕੋਈ ਮਦਦ ਮਿਲ ਸਕਦੀ ਹੈ ਤਾਂ ਉਨ੍ਹਾਂ ਆਖਿਆ,‘‘ਕਿਸੇ ਲਈ ਆਵਾਜ਼ ਬੁਲੰਦ ਕਰਨਾ ਚੰਗੀ ਗੱਲ ਹੈ ਅਤੇ ਬਹੁਤ ਸਾਰੇ ਲੋਕ ਅਜਿਹਾ ਕਰਦੇ ਹਨ ਪਰ ਇਸ ਨਾਲ ਕੋਈ ਫਾਇਦਾ ਨਹੀਂ ਹੋਣਾ। ਇਸ ਮਸਲੇ ਦਾ ਹੱਲ ਆਗੂਆਂ ਵੱਲੋਂ ਹੀ ਕੱਢਿਆ ਜਾ ਸਕਦਾ ਹੈ। ਕਿਸਾਨ ਆਗੂ ਆਪਣਾ ਕੰਮ ਕਰ ਰਹੇ ਹਨ। ਉਹ ਸਰਕਾਰ ਨਾਲ ਮੀਟਿੰਗਾਂ ਕਰ ਰਹੇ ਹਨ। ਉਹ ਨਾ ਹੀ ਗਾ ਰਹੇ ਹਨ ਅਤੇ ਨਾ ਹੀ ਮਨੋਰੰਜਨ ਕਰ ਰਹੇ ਹਨ। ਉਹ ਮਹਿਜ਼ ਆਪਣਾ ਕੰਮ ਕਰ ਰਹੇ ਹਨ ਤੇ ਇਸ ਨਾਲ ਹੀ ਮਸਲੇ ਦਾ ਹੱਲ ਨਿਕਲੇਗਾ।’’ ਦਲੇਰ ਮਹਿੰਦੀ ਨੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਨਾ ਹੋ ਸਕਣ ਦਾ ਕਾਰਨ ਵੀ ਦੱਸਿਆ। ਉਸ ਨੇ ਆਖਿਆ,‘‘ਮੈਂ ਇਸ ਲਈ ਕਿਸਾਨਾਂ ਦੇ ਧਰਨੇ ਵਿੱਚ ਨਹੀਂ ਜਾ ਸਕਿਆ ਕਿਉਂਕਿ ਮੈਂ ਆਪਣਾ ਸਾਰਾ ਸਮਾਂ ਆਪਣੇ ਗੀਤ ‘ਇਸ਼ਕ ਨਚਾਵੇ’ ਨੂੰ ਦਿੱਤਾ ਹੈ ਤਾਂ ਕਿ ਕਰੋਨਾ ਵਾਇਰਸ ਨਾਲ ਜੂਝ ਰਹੇ ਲੋਕਾਂ ਦਾ ਮਿਜ਼ਾਜ ਬਦਲੇ।’’ ਪੰਜਾਬੀ ਗਾਇਕ ਕਿਸਾਨ ਮਸਲੇ ਦਾ ਹੱਲ ਨਿਕਲਣ ਲਈ ਆਸਵੰਦ ਹੈ। ਉਸ ਨੇ ਕਿਹਾ,‘‘ਮੈਂ ਅਰਦਾਸ ਕਰਦਾ ਹਾਂ ਕਿ ਕਿਸਾਨ ਤੇ ਸਰਕਾਰ ਕਿਸੇ ਨਤੀਜੇ ’ਤੇ ਪੁੱਜਣ।’’ ਜਾਣਕਾਰੀ ਅਨੁਸਾਰ ਲੰਘੇ 26 ਨਵੰਬਰ ਤੋਂ ਕਿਸਾਨ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਹੱਦਾਂ ’ਤੇ ਸੰਘਰਸ਼ ਕਰ ਰਹੇ ਹਨ।
-ਆਈਏਐੱਨਐੱਸ