ਸ਼ਿਮਲਾ, 27 ਦਸੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕਿਸਾਨਾਂ ਨੂੰ ਗੁਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣਗੀਆਂ।
ਹਿਮਾਚਲ ਪ੍ਰਦੇਸ਼ ’ਚ ਜੈਰਾਮ ਠਾਕੁਰ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਮੌਕੇ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਦੀ ਆਮਦਨ ਵਧਾਉਣਗੇ ਪਰ ਕਾਂਗਰਸ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ। ਉਨ੍ਹਾਂ ਡਿਜੀਟਲ ਢੰਗ ਨਾਲ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਕਦੀ-ਕਦੀ ਸੁਧਾਰ ਲਾਗੂ ਕੀਤੇ ਜਾਂਦੇ ਹਨ ਤਾਂ ਇਸ ਦੇ ਸਕਾਰਾਤਮਕ ਨਤੀਜੇ ਦਿਖਾਈ ਦੇਣ ’ਚ ਕੁਝ ਸਾਲ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਤਤਕਾਲੀ ਵਿੱਤ ਮੰਤਰੀ ਮਨਮੋਹਨ ਸਿੰਘ ਵੱਲੋਂ ਲਿਆਂਦੇ ਗਏ 1991 ਦੇ ਆਰਥਿਕ ਸੁਧਾਰ ਹੋਣ ਜਾਂ ਫਿਰ ਵਾਜਪਾਈ ਸਰਕਾਰ ਦੌਰਾਨ ਲਿਆਂਦੇ ਗਏ ਹੋਰ ਸੁਧਾਰ, ਉਨ੍ਹਾਂ ਦੇ ਚੰਗੇ ਪੱਖ ਸਾਹਮਣੇ ਆਉਣ ’ਚ ਚਾਰ-ਪੰਜ ਸਾਲ ਲੱਗ ਗਏ। ਰੱਖਿਆ ਮੰਤਰੀ ਨੇ ਕਿਹਾ, ‘ਇਸੇ ਤਰ੍ਹਾਂ ਨਰਿੰਦਰ ਮੋਦੀ ਸਰਕਾਰ ਵੱਲੋਂ ਕੀਤੇ ਗਏ ਖੇਤੀ ਸੁਧਾਰਾਂ ਦੇ ਸਕਾਰਾਤਮਕ ਨਤੀਜੇ ਦੇਖਣ ਲਈ ਜੇਕਰ ਅਸੀਂ ਚਾਰ-ਪੰਜ ਸਾਲ ਉਡੀਕ ਨਹੀਂ ਕਰ ਸਕਦੇ ਤਾਂ ਅਸੀਂ ਘੱਟ ਤੋਂ ਘੱਟ ਦੋ ਸਾਲ ਦੀ ਉਡੀਕ ਤਾਂ ਕਰ ਹੀ ਸਕਦੇ ਹਾਂ।’ -ਪੀਟੀਆਈ