ਸ੍ਰੀਨਗਰ, 8 ਜੁਲਾਈ
ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (ਐੱਲਓਸੀ) ’ਤੇ ਅੱਜ ਤੜਕੇ ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਸੁਰੱਖਿਆ ਬਲਾਂ ਦੀ ਕਾਰਵਾਈ ਵਿੱਚ ਇੱਕ ਦਹਿਸ਼ਤਗਰਦ ਮਾਰਿਆ ਗਿਆ ਜਦਕਿ ਇਸ ਦੌਰਾਨ ਇੱਕ ਜਵਾਨ ਸ਼ਹੀਦ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਕਰਨਾਹ ਸੈਕਟਰ ਦੇ ਗੁਰਾਨ ਨਾਲਾ ਅਮਰੋਹੀ ਵਿੱਚ ਕੰਟਰੋਲ ਰੇਖਾ ਦੇ ਨਾਲ ਘੁਸਪੈਠ ਨੂੰ ਨਾਕਾਮ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਇੱਕ ਏਕੇ ਰਾਈਫਲ, ਤਿੰਨ ਏਕੇ ਮੈਗਜ਼ੀਨ, 200 ਏਕੇ ਕਾਰਤੂਸ, ਤਿੰਨ ਪਿਸਤੌਲ, ਪਿਸਤੌਲ ਦੇ ਚਾਰ ਮੈਗਜ਼ੀਨ ਅਤੇ ਚਾਰ ਹੱਥਗੋਲੇ ਬਰਾਮਦ ਹੋਏ ਹਨ। -ਪੀਟੀਆਈ