ਮੁੰਬਈ, 23 ਅਗਸਤ
ਓਸਮਾਨਾਬਾਦ ਜ਼ਿਲ੍ਹੇ ਨਾਲ ਸਬੰਧਤ ਕਿਸਾਨ ਨੇ ਅੱਜ ਇਥੇ ਮਹਾਰਾਸ਼ਟਰ ਵਿਧਾਨ ਭਵਨ ਦੇ ਬਾਹਰ ਆਤਮਦਾਹ ਦੀ ਕੋਸ਼ਿਸ਼ ਕੀਤੀ। ਡਿਊਟੀ ’ਤੇ ਤਾਇਨਾਤ ਸੁਰੱਖਿਆ ਅਮਲੇ ਨੇ ਅੱਗ ਬੁਝਾਈ ਤੇ ਕਿਸਾਨ ਨੂੰ ਜੀਟੀ ਹਸਪਤਾਲ ਦਾਖ਼ਲ ਕਰਵਾਇਆ। ਕਿਸਾਨ ਦੇ 15 ਤੋਂ 20 ਫੀਸਦ ਝੁਲਸਣ ਦੀ ਰਿਪੋਰਟ ਹੈ। ਮੈਰੀਨ ਡਰਾਈਵ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਕਿਸਾਨ ਸੁਭਾਸ਼ ਦੇਸ਼ਮੁਖ ਦਾ ਆਪਣੇ ਭਰਾ ਨਾਲ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਸੀ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਘਟਨਾ ਨੂੰ ਮੰਦਭਾਗੀ ਦੱਸਦੇ ਹੋਏ ਕਿਹਾ ਕਿ ਸਰਕਾਰ ਹਾਲਾਤ ’ਤੇ ਨਜ਼ਰ ਰੱਖ ਰਹੀ ਹੈ। ਇਹ ਘਟਨਾ ਮਹਾਰਾਸ਼ਟਰ ਵਿਧਾਨ ਸਭਾ ਦੀ ਇਮਾਰਤ ਦੇ ਬਾਹਰ ਆਇਨੌਕਸ ਗੇਟ ਨੇੜੇ ਵਾਪਰੀ। ਫੜਨਵੀਸ ਨੇ ਵਿਰੋਧੀ ਧਿਰ ਵੱਲੋਂ ਘਟਨਾ ਦੀ ਤਫਸੀਲ ਮੰਗੇ ਜਾਣ ਮਗਰੋਂ ਮਹਾਰਾਸ਼ਟਰ ਵਿਧਾਨ ਪਰਿਸ਼ਦ ਨੂੰ ਦੱਸਿਆ, ‘‘ਧਾਰਾਸ਼ਿਵ ਨਾਲ ਸਬੰਧਤ ਕਿਸਾਨ ਸੁਭਾਸ਼ ਦੇਸ਼ਮੁੱਖ ਨੇ ਆਤਮਦਾਹ ਦੀ ਕੋਸ਼ਿਸ਼ ਕੀਤੀ। ਉਸ ਨੇ ਆਪਣੇ ’ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਲਈ।’’ ਉਪ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ਮੁੱਖ ਦਾ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਭਰਾ ਨਾਲ ਝਗੜਾ ਚੱਲ ਰਿਹਾ ਸੀ। ਕੁਝ ਮਹੀਨੇ ਪਹਿਲਾਂ ਕਿਸਾਨ ਦੇ ਪਿਤਾ ਨੇ ਵੀ ਇਸੇ ਝਗੜੇ ਨੂੰ ਲੈ ਕੇ ਖੁ਼ਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। -ਪੀਟੀਆਈ