ਜੰਮੂ/ਸ੍ਰੀਨਗਰ, 27 ਦਸੰਬਰ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਇੱਕ ਮੰਦਿਰ ’ਤੇ ਹਮਲੇ ਦੀ ਕੋਸ਼ਿਸ਼ ਨਾਕਾਮ ਬਣਾਉਂਦਿਆਂ ਸੁਰੱਖਿਆ ਬਲਾਂ ਨੇ ਚਾਰ ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਹੈ ਤੇ ਉਨ੍ਹਾਂ ਤੋਂ ਛੇ ਗ੍ਰਨੇਡ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਬਡਗਾਮ ਜ਼ਿਲ੍ਹੇ ’ਚ ਜੈਸ਼-ਏ-ਮੁਹੰਮਦ ਦੇ ਚਾਰ ਅਤਿਵਾਦੀ ਗ੍ਰਿਫ਼ਤਾਰ ਕੀਤੇ ਗਏ ਹਨ।
ਪੁਣਛ ਦੇ ਐੱਸਐੱਸਪੀ ਰਮੇਸ਼ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ ਕਾਮਯਾਬੀ ਉਸ ਸਮੇਂ ਮਿਲੀ ਜਦੋਂ ਲੰਘੀ ਰਾਤ ਕਰੀਬ ਅੱਠ ਵਜੇ ਮੇਂਧੜ ਸੈਕਟਰ ’ਚ ਬਸੂਨੀ ਨੇੜੇ ਵਾਹਨ ਦੀ ਤਲਾਸ਼ੀ ਦੌਰਾਨ ਦੋ ਭਰਾਵਾਂ ਮੁਸਤਫਾ ਇਕਬਾਲ ਤੇ ਮੁਰਤਜ਼ਾ ਇਕਬਾਲ ਨੂੰ ਹਿਰਾਸਤ ’ਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਦੋਵਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਅਰੀ ਪਿੰਡ ਦੇ ਇੱਕ ਮੰਦਰ ’ਤੇ ਗਰਨੇਡ ਸੁੱਟਣ ਦਾ ਕੰਮ ਦਿੱਤਾ ਗਿਆ ਸੀ।
ਬਾਅਦ ਵਿੱਚ ਉਨ੍ਹਾਂ ਦੇ ਘਰ ਦੀ ਤਲਾਸ਼ੀ ਦੌਰਾਨ ਛੇ ਗ੍ਰਨੇਡ ਤੇ ਜੇਐਂਡਕੇ ਗਜ਼ਨਵੀ ਫੋਰਸ ਜਥੇਬੰਦੀ ਦੇ ਕੁਝ ਪੋਸਟਰ ਮਿਲੇ ਹਨ। ਉਨ੍ਹਾਂ ਦੱਸਿਆ ਕਿ ਮੁਸਤਫ਼ਾ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਦੋ ਹੋਰ ਸ਼ੱਕੀ ਬਾਲਾਕੋਟ ਸੈਕਟਰ ’ਚ ਕੰਟਰੋਲ ਰੇਖਾ ਨੇੜੇ ਡਾਬੀ ਪਿੰਡ ਤੋਂ ਗ੍ਰਿਫ਼ਤਾਰ ਕੀਤੇ ਗਏ ਹਨ ਜਿਨ੍ਹਾਂ ਦੀ ਸ਼ਨਾਖ਼ਤ ਮੁਹੰਮਦ ਯਾਸੀਨ ਤੇ ਰਈਸ ਅਹਿਮਦ ਵਜੋਂ ਹੋਈ ਹੈ।
ਇਸੇ ਦੌਰਾਨ ਅੱਜ ਬਡਗਾਮ ਜ਼ਿਲ੍ਹੇ ’ਚ ਜੈਸ਼-ਏ-ਮੁਹੰਮਦ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ’ਚ ਇੱਕ ਸਾਬਕਾ ਪੁਲੀਸ ਮੁਲਾਜ਼ਮ ਵੀ ਸ਼ਾਮਲ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸੁਰੱਖਿਆ ਬਲਾਂ ਨੇ ਹਯਾਤਪੁਰਾ ਇਲਾਕੇ ’ਚ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤਾਂ ਇੱਕ ਵਾਹਨ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਬਲਾਂ ਨੇ ਕਾਰ ਰੋਕ ਕੇ ਇਸ ’ਚ ਸਵਾਰ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ।
ਇਨ੍ਹਾਂ ’ਚੋਂ ਇੱਕ ਦੀ ਪਛਾਣ ਸਾਬਕਾ ਐੱਸਪੀਓ ਅਲਤਾਫ਼ ਹੁਸੈਨ ਵਜੋਂ ਹੋਈ ਹੈ। ਬਾਕੀ ਤਿੰਨਾਂ ਦੀ ਪਛਾਣ ਸ਼ਬੀਰ ਅਹਿਮਦ ਭੱਟ, ਜਮਸ਼ੀਦ ਮਗਰੇ ਅਤੇ ਜਾਹਿਦ ਡਾਰ ਵਜੋਂ ਹੋਈ ਹੈ। ਇਨ੍ਹਾਂ ਤੋਂ ਹਥਿਆਰ ਤੇ ਹੋਰ ਸਮੱਗਰੀ ਵੀ ਬਰਾਮਦ ਹੋਈ ਹੈ। -ਪੀਟੀਆਈ