ਦਿਨਹਾਤਾ/ਕੋਲਕਾਤਾ, 17 ਜੂਨ
ਪੱਛਮੀ ਬੰਗਾਲ ਦੇ ਕੂਚ ਬੇਹਾਰ ਜ਼ਿਲ੍ਹੇ ਵਿੱੱਚ ਤ੍ਰਿਣਮੂਲ ਕਾਂਗਰਸ ਦੇ ਹਮਾਇਤੀਆਂ ਵੱਲੋਂ ਅੱਜ ਕੇਂਦਰੀ ਮੰਤਰੀ ਨਿਸ਼ਿਤ ਪ੍ਰਮਾਣਿਕ ਦੇ ਕਾਫ਼ਲੇ ‘ਤੇ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ। ਦੂਜੇ ਪਾਸੇ ਸੱਤਾਧਾਰੀ ਪਾਰਟੀ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ। ਇਹ ਘਟਨਾ ਸਾਹਿਬਗੰਜ ਇਲਾਕੇ ਵਿੱਚ ਉਦੋਂ ਵਾਪਰੀ ਜਦੋਂ ਪ੍ਰਣਾਮਿਕ ਬਲਾਕ ਵਿਕਾਸ ਦਫ਼ਤਰ ਪੁੱਜ ਰਹੇ ਸਨ ਜਿੱਥੇ ਆਗਾਮੀ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਚੱਲ ਰਹੀ ਸੀ। ਮੰਤਰੀ ਨੇ ਦਾਅਵਾ ਕੀਤਾ ਕਿ ਉਹ ਟੀਐਮਸੀ ਕਾਰਕੁਨਾਂ ਵੱਲੋਂ ਬੀਡੀਓ ਦਫ਼ਤਰ ਨੂੰ ਜਾਂਦੇ ਰੋਡ ਨੂੰ ਜਾਮ ਤੇ ਦੁਰਵਿਹਾਰ ਕਰਨ ਦੀ ਸੂਚਨਾ ਮਿਲਣ ‘ਤੇ ਉੱਥੇ ਗਏ ਸਨ। ਪ੍ਰਮਾਣਿਕ ਨੇ ਦੋਸ਼ ਲਾਇਆ,’ਜਦੋਂ ਮੈਂ ਬੀਡੀਓ ਦਫ਼ਤਰ ਪੁੱਜਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਕਾਫਲੇ ‘ਤੇ ਪਥਰਾਅ ਕੀਤਾ ਗਿਆ। ਸਾਡੀ ਤਰਫ਼ ਬੰਬ ਸੁੱਟੇ ਗਏ। ਟੀਐਮਸੀ ਕਾਰਕੁਨਾਂ ਵੱਲੋਂ ਸਾਡੇ ਪਾਰਟੀ ਵਰਕਰਾਂ ਦੀ ਕੁੱਟਮਾਰ ਕੀਤੀ ਗਈ ਅਤੇ ਸਾਡੇ ਵਰਕਰਾਂ ਦੇ ਨਾਮਜ਼ਦਗੀ ਪੱਤਰ ਪਾੜ ਦਿੱਤੇੇ ਤੇ ਪੁਲੀਸ ਉੱਥੇ ਮੂਕ ਦਰਸ਼ਕ ਬਣੀ ਖੜ੍ਹੀ ਰਹੀ।’ -ਪੀਟੀਆਈ