ਨਵੀਂ ਦਿੱਲੀ, 24 ਸਤੰਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਜਲੰਧਰ ’ਚ ਪਿਛਲੇ ਸਾਲ ਹਿੰਦੂ ਪੁਜਾਰੀ ’ਤੇ ਹੋਏ ਹਮਲੇ ਦੇ ਦੋਸ਼ ਹੇਠ ਇਕ ਹੋਰ ਮੁਲਜ਼ਮ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਐੱਨਆਈਏ ਨੇ ਮੇਰਠ (ਯੂਪੀ) ਦੇ ਸੰਗਤ ਪੁਰਾ ਮੁਹੱਲੇ ਦੇ ਵਸਨੀਕ ਗਗਨਦੀਪ ਸਿੰਘ ਉਰਫ਼ ਗੱਗੂ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਹੈ। ਪੁਜਾਰੀ ਕਮਲਦੀਪ ਸ਼ਰਮਾ ਨੂੰ ਪਿਛਲੇ ਸਾਲ 31 ਜਨਵਰੀ ਨੂੰ ਗੋਲੀਆਂ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ ਸੀ। ਪਿਛਲੇ ਸਾਲ 8 ਅਕਤੂਬਰ ਨੂੰ ਕੇਸ ਦੀ ਜਾਂਚ ਆਪਣੇ ਹੱਥ ’ਚ ਲੈਣ ਮਗਰੋਂ ਐੱਨਆਈਏ ਨੇ ਪੰਜਵੇਂ ਵਿਅਕਤੀ ਖ਼ਿਲਾਫ਼ ਦੋਸ਼ ਲਾਏ ਹਨ। ਇਸ ਤੋਂ ਪਹਿਲਾਂ ਏਜੰਸੀ ਨੇ ਚਾਰ ਮੁਲਜ਼ਮਾਂ ਕੈਨੇਡਾ ਆਧਾਰਿਤ ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਮੁਖੀ ਹਰਦੀਪ ਸਿੰਘ ਨਿੱਝਰ, ਅਰਸ਼ਦੀਪ ਸਿੰਘ ਉਰਫ਼ ਪ੍ਰਭ, ਕਮਲਜੀਤ ਸ਼ਰਮਾ ਅਤੇ ਰਾਮ ਸਿੰਘ ਉਰਫ਼ ਸੋਨਾ ਖ਼ਿਲਾਫ਼ 4 ਜੁਲਾਈ ਨੂੰ ਚਾਰਜਸ਼ੀਟ ਦਾਖ਼ਲ ਕੀਤੀ ਸੀ। ਐੱਨਆਈਏ ਨੇ 22 ਜੁਲਾਈ ਨੂੰ ਨਿੱਝਰ ’ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਐੱਨਆਈਏ ਦੇ ਤਰਜਮਾਨ ਨੇ ਕਿਹਾ ਕਿ ਜਾਂਚ ’ਚ ਖ਼ੁਲਾਸਾ ਹੋਇਆ ਕਿ ਸਾਰੀ ਸਾਜ਼ਿਸ਼ ਨਿੱਝਰ ਅਤੇ ਅਰਸ਼ਦੀਪ ਨੇ ਕੈਨੇਡਾ ਤੋਂ ਘੜੀ ਸੀ। ਉਸ ਨੇ ਦੱਸਿਆ ਕਿ ਅਰਸ਼ਦੀਪ ਦੇ ਨਿਰਦੇਸ਼ਾਂ ’ਤੇ ਮੁਲਜ਼ਮ ਗਗਨਦੀਪ ਨੇ ਦਹਿਸ਼ਤੀ ਗਰੋਹ ਦੇ ਮੈਂਬਰਾਂ ਨੂੰ ਹਮਲੇ ਲਈ ਹਥਿਆਰ ਮੁਹੱਈਆ ਕਰਵਾਏ ਸਨ। -ਪੀਟੀਆਈ
ਅਤਿਵਾਦੀ ਗਤੀਵਿਧੀਆਂ ਦੀ ਸਾਜਿਸ਼ ਰਚਣ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅਤਿਵਾਦੀ ਗਤੀਵਿਧੀਆਂ ਦੀ ਸਾਜਿਸ਼ ਰਚਣ ਦੇ ਦੋਸ਼ ਹੇਠ ਤਿੰਨ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਨਆਈਆਈ ਦੇ ਬੁਲਾਰੇ ਨੇ ਦੱਸਿਆ ਕਿ ਦਿੱਲੀ ਦੇ ਨੀਰਜ ਸਹਿਰਾਵਤ ਉਰਫ਼ ਨੀਰਜ ਬਵਾਨਾ, ਗੁਰੂਗ੍ਰਾਮ ਦੇ ਕੌਸ਼ਲ ਉਰਫ਼ ਨਰੇਸ਼ ਚੌਧਰੀ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਪੰਜਾਬ) ਦੇ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਗੈਂਗਸਟਰ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਅਤਿਵਾਦੀ ਗਤੀਵਿਧੀਆਂ ਲਈ ਫੰਡ ਇਕੱਠਾ ਕਰ ਰਹੇ ਸੀ। -ਪੀਟੀਆਈ