ਪਟਨਾ, 21 ਅਗਸਤ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਕਾਫਲੇ ’ਤੇ ਅੱਜ ਰਾਜਧਾਨੀ ਪਟਨਾ ਵਿੱਚ ਪਥਰਾਅ ਕੀਤਾ ਗਿਆ ਹੈ। ਖ਼ਬਰ ਏਜੰਸੀ ‘ਏਐਨਆਈ’ ਮੁਤਾਬਕ ਘਟਨਾ ਸਮੇਂ ਮੁੱਖ ਮੰਤਰੀ ਕਾਫ਼ਲੇ ਵਿੱਚ ਮੌਜੂਦ ਨਹੀਂ ਸਨ। ਪੁਲੀਸ ਨੇ ਇਸ ਮਾਮਲੇ ਵਿੱਚ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਸ਼ਾਮ 5 ਵਜੇ ਦੇ ਕਰੀਬ ਪਟਨਾ ਜ਼ਿਲ੍ਹੇ ਦੇ ਸੋਹਗੀ ਵਿੱਚ ਵਾਪਰੀ। ਪਟਨਾ ਦੇ ਜ਼ਿਲ੍ਹਾ ਮੈਜਿਸਟਰੇਟ ਚੰਦਰਸ਼ੇਖਰ ਸਿੰਘ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਕਰੀਬ ਇੱਕ ਹਫ਼ਤਾ ਪਹਿਲਾਂ ਬਿਓਰ ਵਿੱਚ ਲਾਪਤਾ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਸਥਾਨਕ ਲੋਕਾਂ ਨੇ ਗੌਰੀਚੱਕ ਦੇ ਸੋਹਗੀ ਨੇੜੇ ਪਟਨਾ-ਗਯਾ ਮੁੱਖ ਮਾਰਗ ਨੂੰ ਜਾਮ ਕੀਤਾ ਸੀ। ਇਸ ਦੌਰਾਨ ਨਿਤੀਸ਼ ਕੁਮਾਰ ਦਾ ਕਾਫ਼ਲਾ ਇਲਾਕੇ ਵਿੱਚੋਂ ਲੰਘਿਆ ਤਾਂ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਕਥਿਤ ਗੱਡੀਆਂ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਮੌਕੇ ’ਤੇ ਪੁੱਜੀ ਪੁਲੀਸ ਨੇ ਹਾਲਾਤ ’ਤੇ ਕਾਬੂ ਪਾਇਆ ਤੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਹਟਾ ਦਿੱਤਾ। ਸਿੰਘ ਨੇ ਕਿਹਾ, ‘‘ਪੁਲੀਸ ਨੇ 15 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ ਤੇ ਇਨ੍ਹਾਂ ਵਿਚੋਂ 11 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਅਸੀਂ ਸੀਸੀਟੀਵੀ ਫੁਟੇਜ ਦੀ ਘੋਖ ਕਰ ਰਹੇ ਹਾਂ ਤੇ ਜਲਦੀ ਹੀ ਬਾਕੀ ਚਾਰ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਵਾਂਗੇ।’’ -ਪੀਟੀਆਈ
ਜੇਡੀ (ਯੂ) ਕੌਮੀ ਕਾਰਜਕਾਰਨੀ ਤੇ ਕਾਊਂਸਲ ਦੀਆਂ ਮੀਟਿੰਗਾਂ 3 ਤੇ 4 ਸਤੰਬਰ ਨੂੰ
ਨਵੀਂ ਦਿੱਲੀ: ਜਨਤਾ ਦਲ (ਯੂਨਾਈਟਿਡ) ਦੀ ਕੌਮੀ ਕਾਰਜਕਾਰਨੀ ਅਤੇ ਕੌਮੀ ਕਾਊਂਸਲ ਦੀਆਂ ਮੀਟਿੰਗਾਂ ਪਟਨਾ ਵਿੱਚ ਕ੍ਰਮਵਾਰ ਤਿੰਨ ਅਤੇ ਚਾਰ ਸਤੰਬਰ ਨੂੰ ਹੋਣਗੀਆਂ। ਇਹ ਮੀਟਿੰਗਾਂ ਅਜਿਹੇ ਸਮੇਂ ਹੋ ਰਹੀਆਂ ਹਨ, ਜਦੋਂ ਚਰਚਾ ਹੈ ਕਿ ਜੇਡੀ(ਯੂ) ਆਗੂ ਨਿਤੀਸ਼ ਕੁਮਾਰ ਨੂੰ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਉਭਾਰਿਆ ਜਾ ਸਕਦਾ ਹੈ। ਜੇਡੀ (ਯੂ) ਜਨਰਲ ਸਕੱਤਰ ਅਫਾਕ ਅਹਿਮਦ ਖ਼ਾਨ ਨੇ ਅੱਜ ਕਿਹਾ ਕਿ ਇਨ੍ਹਾਂ ਦੋ ਦਿਨਾਂ ਦੌਰਾਨ ਜਥੇਬੰਦਕ ਮੁੱਦਿਆਂ ਅਤੇ ਮੈਂਬਰਸ਼ਿਪ ਮੁਹਿੰਮ ਬਾਰੇ ਚਰਚਾ ਕੀਤੀ ਜਾਵੇਗੀ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਪਾਰਟੀ ਵੱਲੋਂ ਭਾਜਪਾ ਨਾਲੋਂ ਤੋੜ-ਵਿਛੋੜਾ ਕਰ ਕੇ ਆਰਜੇਡੀ-ਕਾਂਗਰਸ-ਖੱਬੇ ਪੱਖੀਆਂ ਦੇ ਗੱਠਜੋੜ ਨਾਲ ਹੱਥ ਮਿਲਾਉਣ ਕਾਰਨ ਇਹ ਮੀਟਿੰਗਾਂ ਅਹਿਮ ਮੰਨੀਆਂ ਜਾ ਰਹੀਆਂ ਹਨ। ਨਿਤੀਸ਼ ਦੇ ਇਸ ਕਦਮ ਨੇ ਵਿਰੋਧੀ ਖ਼ੇਮੇ ਵਿੱਚ ਨਵੀਂ ਊਰਜਾ ਭਰ ਦਿੱਤੀ ਹੈ। ਇਸ ਤਰ੍ਹਾਂ ਦੀਆਂ ਕਿਆਸਰਾਈਆਂ ਹਨ ਕਿ ਉਨ੍ਹਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸੱਤਾਧਾਰੀ ਭਾਜਪਾ ਖ਼ਿਲਾਫ਼ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਉਭਾਰਿਆ ਜਾ ਸਕਦਾ ਹੈ। -ਪੀਟੀਆਈ