ਪੁਣੇ, 17 ਮਈ
ਇੱਥੇ ਪੁਸਤਕ ਰਿਲੀਜ਼ ਸਮਾਗਮ ਮੌਕੇ ਐੱਨਸੀਪੀ ਤੇ ਭਾਜਪਾ ਕਾਰਕੁਨਾਂ ’ਚ ਹੋਏ ਟਕਰਾਅ ਦੌਰਾਨ ਆਡੀਟੋਰੀਅਮ ਵਿੱਚ ਐੱਨਸੀਪੀ ਮਹਿਲਾ ਮੈਂਬਰ ’ਤੇ ਕਥਿਤ ਹਮਲਾ ਕਰਨ ਦੇ ਦੋਸ਼ ਹੇਠ ਪੁਣੇ ਪੁਲੀਸ ਨੇ ਤਿੰਨ ਭਾਜਪਾ ਕਾਰਕੁਨਾਂ ’ਤੇ ਕੇਸ ਦਰਜ ਕੀਤਾ ਹੈ। ਸਮਾਗਮ ’ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੀ ਹਾਜ਼ਰ ਸਨ। ਇਹ ਘਟਨਾ ਸੋਮਵਾਰ ਨੂੰ ਵਾਪਰੀ ਸੀ, ਜਿਸ ਦੌਰਾਨ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਨਾਲ ਸੱਤਾ ’ਚ ਭਾਈਵਾਲ ਕਾਂਗਰਸ ਤੇ ਐੱਨਸੀਪੀ ਦੇ ਕਾਰਕੁਨਾਂ ਨੇ ਮਹਿੰਗਾਈ ਖ਼ਿਲਾਫ਼ ਲਗਜ਼ਰੀ ਹੋਟਲ ਤੇ ਬਾਲ ਗੰਧਰਵ ਆਡੀਟੋਰੀਅਮ ਦੇ ਬਾਹਰ ਧਰਨੇ ਦਿੱਤੇ ਸਨ। ਡੈਕਨ ਜਿਮਖਾਨਾ ਪੁਲੀਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਮੁਰਲੀਧਰ ਕਰਪੇ ਨੇ ਕਿਹਾ ਕਿ ਤਿੰਨ ਭਾਜਪਾ ਕਾਰਕੁਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਕੇਸ ਮੁਤਾਬਕ ਮਹਿਲਾ ਐੱਨਸੀਪੀ ਪ੍ਰਬੰਧਕ ਤੇ ਤਿੰਨ ਹੋਰ ਪਾਰਟੀ ਮੈਂਬਰ ਮਹਿੰਗਾਈ ਤੇ ਐੱਲਪੀਜੀ ਦੀਆਂ ਕੀਮਤਾਂ ਵਿੱਚ ਵਾਧੇ ਦੇ ਮੁੱਦੇ ’ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਮੰਗ ਪੱਤਰ ਦੇਣ ਲਈ ਗਏ ਸਨ। ਐੱਨਸੀਪੀ ਮਹਿਲਾ ਮੈਂਬਰ ਨੇ ਬਾਅਦ ’ਚ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਨ੍ਹਾਂ ਤੇ ਕੁਝ ਹੋਰ ਪਾਰਟੀ ਕਾਰਕੁਨਾਂ ’ਤੇ ਭਾਜਪਾ ਕਾਰਕੁਨਾਂ ਨੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੀ ਖਿੱਚ-ਧੂਹ ਵੀ ਕੀਤੀ। ਇਸ ਟਕਰਾਅ ਮਗਰੋਂ ਦੀ ਵੀਡੀਓ ਵਿੱਚ ਮੌਕੇ ’ਤੇ ਮੌਜੂਦ ਪੁਲੀਸ ਮੁਲਾਜ਼ਮ ਚਾਰ ਮਹਿਲਾ ਐੱਨਸੀਪੀ ਕਾਰਕੁਨਾਂ ਨੂੰ ਆਡੀਟੋਰੀਅਮ ’ਚੋਂ ਬਾਹਰ ਲਿਆਂਦੇ ਦਿਖਾਈ ਦੇ ਰਹੇ ਹਨ। ਭਾਜਪਾ ਨੇ ਪਾਰਟੀ ਕਾਰਕੁਨਾਂ ’ਤੇ ਲਾਏ ਦੋਸ਼ ਨਕਾਰੇ ਹਨ। -ਪੀਟੀਆਈ
ਜ਼ਿੰਮੇਵਾਰਾਂ ਖ਼ਿਲਾਫ਼ ਹੋਵੇਗੀ ਕਾਰਵਾਈ: ਵਾਲਸੇ
ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਕਿਹਾ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਸਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਕਸੂਰਵਾਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।