ਨਵੀਂ ਦਿੱਲੀ, 30 ਅਪਰੈਲ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੌਲੀਵੁੱਡ ਅਦਾਕਾਰਾ ਜੈਕੁਲਿਨ ਫਰਨਾਂਡੇਜ਼ ਦੀ 7.27 ਕਰੋੜ ਰੁਪਏ ਮੁੱਲ ਦੀ ਸੰਪਤੀ ਕੁਰਕ ਕੀਤੀ ਹੈ। ਨੌਸਰਬਾਜ਼ ਸੁਕੇਸ਼ ਚੰਦਰਸ਼ੇਖਰ ਅਤੇ ਹੋਰਾਂ ਖ਼ਿਲਾਫ਼ ਚੱਲ ਰਹੀ ਜਾਂਚ ਦੇ ਸਬੰਧ ’ਚ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਮਾਮਲੇ ’ਚ ਜੈਕੁਲਿਨ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਈਡੀ ਨੇ 36 ਵਰ੍ਹਿਆਂ ਦੀ ਅਦਾਕਾਰਾ ਖ਼ਿਲਾਫ਼ ਕਾਲੇ ਧਨ ਨੂੰ ਸਫ਼ੈਦ ਬਣਾਉਣ ਤੋਂ ਰੋਕਣ ਦੇ ਐਕਟ ਤਹਿਤ ਕਾਰਵਾਈ ਕਰਦਿਆਂ 7.12 ਕਰੋੜ ਰੁਪਏ ਦੀ ਐੱਫਡੀ ਅਤੇ 15 ਲੱਖ ਰੁਪਏ ਨਕਦ ਕੁਰਕ ਕਰਨ ਦੇ ਆਰਜ਼ੀ ਹੁਕਮ ਜਾਰੀ ਕੀਤੇ ਹਨ। ਈਡੀ ਨੇ ਇਕ ਬਿਆਨ ’ਚ ਕਿਹਾ,‘‘ਸੁਕੇਸ਼ ਚੰਦਰਸ਼ੇਖਰ ਨੇ ਫਿਰੌਤੀ ਵਸੂਲਣ ਸਮੇਤ ਹੋਰ ਅਪਰਾਧਕ ਸਰਗਰਮੀਆਂ ਰਾਹੀਂ ਇਕੱਠੇ ਕੀਤੇ ਗਏ ਪੈਸਿਆਂ ’ਚੋਂ ਜੈਕੁਲਿਨ ਨੂੰ 5.71 ਕਰੋੜ ਰੁਪਏ ਮੁੱਲ ਦੇ ਕਈ ਤੋਹਫ਼ੇ ਦਿੱਤੇ ਸਨ। ਚੰਦਰਸ਼ੇਖਰ ਨੇ ਇਸ ਕੇਸ ’ਚ ਸਹਿ-ਮੁਲਜ਼ਮ ਪਿੰਕੀ ਇਰਾਨੀ ਨੂੰ ਇਹ ਤੋਹਫ਼ੇ ਜੈਕੁਲਿਨ ਨੂੰ ਦੇਣ ਲਈ ਕਿਹਾ ਸੀ।’’ ਏਜੰਸੀ ਨੇ ਕਿਹਾ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਚੰਦਰਸ਼ੇਖਰ ਨੇ ਜੈਕੁਲਿਨ ਤਰਫ਼ੋਂ ਇਕ ਪਟਕਥਾ ਲੇਖਕ ਨੂੰ ਉਸ ਦੀ ਵੈੱਬਸੀਰੀਜ਼ ਪ੍ਰਾਜੈਕਟ ਲਈ ਐਡਵਾਂਸ ’ਚ 15 ਲੱਖ ਰੁਪਏ ਦਿੱਤੇ ਸਨ। -ਪੀਟੀਆਈ