ਨਵੀਂ ਦਿੱਲੀ, 13 ਦਸੰਬਰ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕਿਹਾ ਕਿ ਉਸ ਨੇ ਉੱਤਰ ਪ੍ਰਦੇਸ਼ ਦੇ ‘ਗੈਂਗਸਟਰ’ ਅਤੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੀ ਅੱਠ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੁਰਕ ਕਰ ਲਈ ਹੈ। ਇਹ ਕਾਰਵਾਈ ਉਸ ਖ਼ਿਲਾਫ਼ ਚੱਲ ਰਹੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਕੀਤੀ ਗਈ ਹੈ। ਏਜੰਸੀ ਨੇ ਕਿਹਾ ਕਿ ਜਾਇਦਾਦਾਂ ਨੂੰ ਅਸਥਾਈ ਤੌਰ ’ਤੇ ਕੁਰਕ ਕੀਤਾ ਗਿਆ ਹੈ ਜਿਨ੍ਹਾਂ ਵਿਚ, ‘‘ਜ਼ਮੀਨ ਤੇ ਬੈਂਕ ਖਾਤਿਆਂ ਵਿਚ ਜਮ੍ਹਾਂ ਰਾਸ਼ੀ ਹੈ ਜਿਸ ਦੀ ਕੁੱਲ ਕੀਮਤ 8.14 ਕਰੋੜ ਰੁਪਏ ਹੈ ਅਤੇ ਇਹ ਸਾਬਕਾ ਵਿਧਾਇਕ ਤੇ ਮਾਫੀਆ ਅਹਿਮਦ ਅਤੇ ਉਸ ਦੀ ਪਤਨੀ ਸ਼ਾਈਸਤਾ ਪਰਵੀਨ ਦੇ ਨਾਂ ’ਤੇ ਹਨ।’’ ਇਹ ਕਾਰਵਾਈ ਏਜੰਸੀ ਦੇ ਲਖਨਊ ਜ਼ੋਨਲ ਦਫ਼ਤਰ ਨੇ ਕੀਤੀ ਹੈ। ਜ਼ੋਨ ਦੇ ਜੁਆਇੰਟ ਡਾਇਰੈਕਟਰ ਰਾਜੇਸ਼ਵਰ ਸਿੰਘ ਨੇ ਇਸ ਕਾਰਵਾਈ ਦੀ ਪਸ਼ਟੀ ਕੀਤੀ। -ਪੀਟੀਆਈ