ਜੰਮੂ, 22 ਅਗਸਤ
ਜੰਮੂ ਖੇਤਰ ’ਚ ਕੰਟਰੋਲ ਰੇਖਾ (ਐੱਲਓਸੀ) ਅਤੇ ਕੌਮਾਂਤਰੀ ਸਰਹੱਦ ’ਤੇ ਤਾਇਨਾਤ ਫੌਜੀਆਂ ਤੇ ਨੀਮ ਫੌਜੀ ਦਸਤਿਆਂ ਦੇ ਜਵਾਨਾਂ ਨੂੰ ਅੱਜ ਸਕੂਲੀ ਵਿਦਿਆਰਥਣਾਂ ਤੇ ਔਰਤਾਂ ਨੇ ਰੱਖੜੀ ਬੰਨ੍ਹੀ। ਰੱਖੜੀ ਮਨਾਉਣ ਲਈ ਕਈ ਸੁਰੱਖਿਆ ਸੰਸਥਾਵਾਂ ਤੇ ਫੌਜੀ ਕੈਂਪਾਂ ’ਚ ਵੀ ਪ੍ਰੋਗਰਾਮ ਕਰਵਾਏ ਗਏ ਜਿਨ੍ਹਾਂ ’ਚ ਸਥਾਨਕ ਲੋਕਾਂ ਨੇ ਫੌਜੀਆਂ, ਨੀਮ ਫੌਜੀ ਦਸਤਿਆਂ ਤੇ ਪੁਲੀਸ ਮੁਲਾਜ਼ਮਾਂ ਨੂੰ ਰੱਖੜੀ ਬੰਨ੍ਹੀ। ਇਸ ਸਬੰਧੀ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ।
ਸੀਆਰਪੀਐੱਫ ਦੇ ਬੁਲਾਰੇ ਨੇ ਦੱਸਿਆ ਕਿ ਜੰਮੂ ’ਚ ਸੀਆਰਪੀਐੱਫ ਦੇ ਸਾਰੇ ਹੈਡਕੁਆਰਟਰਾਂ ’ਚ ਰੱਖੜੀ ਮਨਾਈ ਗਈ। ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਲੜਕੀਆਂ ਤੇ ਔਰਤਾਂ ਨੇ ਅਧਿਕਾਰੀਆਂ ਤੇ ਜਵਾਨਾਂ ਦੇ ਗੁੱਟ ’ਤੇ ਰੱਖੜੀ ਬੰਨ੍ਹੀ ਤੇ ਮੱਥੇ ’ਤੇ ਟਿੱਕਾ ਲਾਇਆ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਪ੍ਰਾਰਥਨਾ ਕੀਤੀ। ਡੋਡਾ ਜ਼ਿਲ੍ਹੇ ਦੇ ਭੱਦਰਵਾਹ ’ਚ ਸਰਕਾਰੀ ਡਿਗਰੀ ਕਾਲਜ ’ਚ ਐੱਨਸੀਸੀ ਗਰੁੱਪ ਦੀਆਂ ਲੜਕੀਆਂ ਨੇ ਫੌਜ ਦੇ ਇੱਕ ਕੈਂਪ ’ਚ ਜਵਾਨਾਂ ਨੂੰ ਰੱਖੜੀ ਬੰਨ੍ਹੀ। ਇਸੇ ਤਰ੍ਹਾਂ ਸਾਂਬਾ ਜ਼ਿਲ੍ਹੇ ’ਚ ਭਾਰਤ-ਪਾਕਿ ਸਰਹੱਦ ਨੇੜੇ ਇੱਕ ਕੈਂਪ ’ਚ ਬੀਐੱਸਐੱਫ ਦੇ ਜਵਾਨ ਨੂੰ ਰੱਖੜੀ ਬੰਨ੍ਹਣ ਵਾਲੀਆਂ ਲੜਕੀਆਂ ਨੇ ਕਿਹਾ ਉਹ ਅੱਜ ਸਰਹੱਦਾਂ ਦੀ ਰਾਖੀ ਕਰਨ ਵਾਲੇ ਆਪਣੇ ਜਵਾਨਾਂ ਨਾਲ ਰੱਖੜੀ ਮਨਾ ਰਹੀਆਂ ਹਨ। ਬੀਐੱਸਐੱਫ ਦੇ ਇੱਕ ਅਧਿਕਾਰੀ ਨੇ ਰੱਖੜੀ ਮੌਕੇ ਆਪਣੇ ਪਰਿਵਾਰਾਂ ਤੋਂ ਦੂਰ ਜਵਾਨਾਂ ਨਾਲ ਤਿਉਹਾਰ ਮਨਾਉਣ ਲਈ ਲੜਕੀਆਂ ਦਾ ਧੰਨਵਾਦ ਕੀਤਾ। -ਪੀਟੀਆਈ