ਨਵੀਂ ਦਿੱਲੀ/ਬੰਗਲੂਰੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਿੱਧ ਪੁਲਾੜ ਵਿਗਿਆਨੀ ਰੋਦਮ ਨਰਸਿਮਹਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਨਰਸਿਮਹਾ ਨੇ ਭਾਰਤ ਦੀ ਗਿਆਨ ਤੇ ਖੋਜ ਦੀ ਪਰੰਪਰਾ ਨੂੰ ਨਿਭਾਇਆ ਹੈ। ਪਦਮ ਵਿਭੂਸ਼ਣ ਜੇਤੂ ਸ੍ਰੀ ਨਰਸਿਮਹਾ ਦਾ ਦੇਹਾਂਤ ਬੰਗਲੂਰੂ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਇਆ। ਉਹ 87 ਵਰ੍ਹਿਆਂ ਦੇ ਸਨ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘ਰੋਦਮ ਨਰਸਿਮਹਾ ਨੇ ਗਿਆਨ ਤੇ ਖੋਜ ਦੀ ਭਾਰਤੀ ਪਰੰਪਰਾ ਨੂੰ ਨਿਭਾਇਆ। ਉਹ ਵਧੀਆ ਵਿਗਿਆਨੀ ਤੇ ਭਾਰਤ ਦੀ ਤਰੱਕੀ ਲਈ ਵਿਗਿਆਨ ਤੇ ਖੋਜ ਦੀ ਤਾਕਤ ਦੀ ਵਰਤੋਂ ਕਰਨ ਲਈ ਗੰਭੀਰ ਸਨ। ਉਨ੍ਹਾਂ ਦੇ ਦੇਹਾਂਤ ਨਾਲ ਮੈਂ ਦੁਖੀ ਹਾਂ।’ ਦੱਸਣਯੋਗ ਹੈ ਕਿ ਸ੍ਰੀ ਨਰਸਿਮਹਾ ਨੇ ਪੁਲਾੜ ਇੰਜਨੀਅਰਿੰਗ ਦੇ ਖੇਤਰ ਵਿੱਚ ਵਿਸ਼ੇਸ਼ ਨਾਮਣਾ ਖੱਟਿਆ ਸੀ। -ਪੀਟੀਆਈ