ਨਵੀਂ ਦਿੱਲੀ: ਦਿੱਲੀ ਪੁਲੀਸ ਕਮਿਸ਼ਨਰ ਰਾਕੇਸ਼ ਅਸਥਾਨਾ ਦੇ ਕਾਨੂੰਨੀ ਸਲਾਹਕਾਰ ਨਿਯੁਕਤ ਕੀਤੇ ਗਏ ਸੁਰੇਸ਼ ਚੰਦਰ ਨੇ ਸਿਹਤ ਕਾਰਨਾਂ ਦੇ ਆਧਾਰ ’ਤੇ ਅਸਤੀਫ਼ਾ ਦੇ ਦਿੱਤਾ ਹੈ। ਇਸ ਸਬੰਧੀ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੇਵਾਮੁਕਤ ਅਧਿਕਾਰੀ ਸਿਰਫ਼ ਇਕ ਅਸਥਾਈ ਸਲਾਹਕਾਰ ਸੀ ਤੇ ਸਿਰਫ਼ ਛੇ ਮਹੀਨਿਆਂ ਦੇ ਕੰਟਰੈਕਟ ’ਤੇ ਸੀ। ਉਨ੍ਹਾਂ ਦੇ ਅਹੁਦੇ ਦੀ ਮਿਆਦ ਲਗਪਗ ਖਤਮ ਹੋਣ ਵਾਲੀ ਸੀ ਤੇ ਉਨ੍ਹਾਂ ਸਿਹਤ ਕਾਰਨਾਂ ਦੇ ਹਵਾਲੇ ਨਾਲ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਅਜੇ ਅਗਲਾ ਅਧਿਕਾਰੀ ਨਿਯੁਕਤ ਨਹੀਂ ਕੀਤਾ ਗਿਆ। ਦਿੱਲੀ ਪੁਲੀਸ ਕਮਿਸ਼ਨਰ ਦੇ ਦਫ਼ਤਰ ਵੱਲੋਂ ਜਾਰੀ ਹੁਕਮ ਮੁਤਾਬਕ,‘ਸੁਰੇਸ਼ ਚੰਦਰ ਨੇ ਸਿਹਤ ਕਾਰਨਾਂ ਦੇ ਹਵਾਲੇ ਨਾਲ ਪੁਲੀਸ ਕਮਿਸ਼ਨਰ ਦੇ ਕਾਨੂੰਨੀ ਸਲਾਹਕਾਰ ਵਜੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਜਿਸਨੂੰ ਪੁਲੀਸ ਕਮਿਸ਼ਨਰ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ।’ ਹੁਕਮਾਂ ਮੁਤਾਬਕ ਇਸ ਅਧਿਕਾਰੀ ਨੂੰ ਸਰਕਾਰੀ ਅਹੁਦੇ ’ਤੇ ਹੋਣ ਕਾਰਨ ਜਾਰੀ ਸਾਰਾ ਸਰਕਾਰੀ ਸਾਮਾਨ (ਜੇਕਰ ਕੋਈ ਹੈ) ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਗੁਜਰਾਤ ਕੇਡਰ ਦੇ ਆਈਪੀਐੱਸ ਅਧਿਕਾਰੀ ਰਾਕੇਸ਼ ਅਸਥਾਨਾ ਨੇ ਇਸ ਵਰ੍ਹੇ ਜੁਲਾਈ ਵਿੱਚ ਦਿੱਲੀ ਪੁਲੀਸ ਦੇ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦੀ ਨਿਯੁਕਤੀ 31 ਜੁਲਾਈ ਨੂੰ ਉਨ੍ਹਾਂ ਦੀ ਸੇਵਾਮੁਕਤੀ ਤੋਂ ਕੁਝ ਦਿਨ ਪਹਿਲਾਂ ਹੀ ਕੀਤੀ ਗਈ ਸੀ। ਉਹ ਇੱਕ ਸਾਲ ਲਈ ਇਸ ਅਹੁਦੇ ’ਤੇ ਬਣੇ ਰਹਿਣਗੇ। ਇਨ੍ਹਾਂ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਐੱਸ ਐੱਨ ਸ੍ਰੀਵਾਸਤਵ ਦੇ ਸੇਵਾਮੁਕਤ ਹੋਣ ਤੋਂ ਬਾਅਦ ਆਈਪੀਐੱਸ ਅਧਿਕਾਰੀ ਬਾਲਾਜੀ ਸ੍ਰੀਵਾਸਤਵ ਦਿੱਲੀ ਪੁਲੀਸ ਕਮਿਸ਼ਨਰ ਦਾ ਵਾਧੂ ਚਾਰਜ ਨਿਭਾ ਰਹੇ ਸਨ। -ਪੀਟੀਆਈ