
ਸੁਰੱਖਿਆ ਬਲਾਂ ਤੇ ਸਥਾਨਕ ਲੋਕਾਂ ਵਿੱਚ ਝੜਪ ਮਗਰੋਂ ਜੰਮੂ-ਕਸ਼ਮੀਰ ਹਾਈਵੇਅ ’ਤੇ ਬਠਿੰਡੀ ਵਿੱਚ ਤਾਇਨਾਤ ਆਈਟੀਬੀਪੀ ਜਵਾਨ। -ਫੋਟੋ: ਏਐੱਨਆਈ
ਜੰਮੂ, 5 ਫਰਵਰੀ
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਜੰਮੂ ਜ਼ਿਲ੍ਹੇ ਵਿੱਚ ਚੱਲ ਰਹੀ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਉਨ੍ਹਾਂ ਰਿਹਾਇਸ਼ਾਂ ਜਾਂ ਛੋਟੀਆਂ ਦੁਕਾਨਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ, ਜਿਨ੍ਹਾਂ ’ਤੇ ਪਰਿਵਾਰਾਂ ਦੀ ਰੋਜ਼ੀ- ਰੋਟੀ ਨਿਰਭਰ ਕਰਦੀ ਹੈ। ਜੰਮੂ ਦੇ ਡਿਪਟੀ ਕਮਿਸ਼ਨਰ ਅਵਨੀ ਲਵਾਸਾ ਦਾ ਇਹ ਬਿਆਨ ਜੰਮੂ ਸ਼ਹਿਰ ਦੇ ਨਰਵਾਲ ਸੁੰਜਵਾਨ ਇਲਾਕੇ ਵਿੱਚ ਕਬਜ਼ੇ ਹਟਾਉਣ ਮੁਹਿੰਮ ਦੌਰਾਨ ਲੋਕਾਂ ਵੱਲੋਂ ਪਥਰਾਅ ਕਰਨ ਤੋਂ ਇੱਕ ਦਿਨ ਬਾਅਦ ਆਇਆ ਹੈ।
ਲਵਾਸਾ ਨੇ ਕਿਹਾ,‘ਮੈਂ ਲੋਕਾਂ ਨੂੰ ਭਰੋਸਾ ਦਿੰਦੀ ਹੈ ਕਿ ਜੰਮੂ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਅਜਿਹੇ ਕਿਸੇ ਘਰ ਜਾਂ ਛੋਟੀ ਦੁਕਾਨ ਨੂੰ ਢਾਹਿਆ ਨਹੀਂ ਜਾਵੇਗਾ ਜਿਨ੍ਹਾਂ ਦੀ ਜ਼ਿੰਦਗੀ ਇਨ੍ਹਾਂ ’ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਉਨ੍ਹਾਂ ਲੋਕਾਂ ਖ਼ਿਲਾਫ਼ ਚਲਾਈ ਜਾ ਰਹੀ ਹੈ ਜੋ ਆਪਣੀ ਤਾਕਤ ਦੀ ਗ਼ਲਤ ਵਰਤੋਂ ਕਰ ਕੇ ਸੂਬੇ ਦੀ ਜ਼ਮੀਨ ’ਤੇ ਕਬਜ਼ਾ ਕਰ ਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਲੋਕਾਂ ਦੀ ਭਲਾਈ ਲਈ ਕੀਤੀ ਜਾ ਰਹੀ ਹੈ। ਡੀਸੀ ਨੇ ਕਿਹਾ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਕੰਟਰੋਲ ਹੇਠ ਹੈ। ਉਨ੍ਹਾਂ ਲੋਕਾਂ ਨੂੰ ਇਸ ਮੁਹਿੰਮ ਵਿੱਚ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ। -ਪੀਟੀਆਈ
ਨਾਜਾਇਜ਼ ਕਬਜ਼ਿਆਂ ਵਿਰੋਧੀ ਮੁਹਿੰਮ ਖ਼ਿਲਾਫ਼ ਧਰਨੇ ਦੇ ਰਹੇ ‘ਆਪ’ ਆਗੂ ਹਿਰਾਸਤ ਵਿੱਚ ਲਏ
ਜੰਮੂ: ਇੱਥੇ ਰਾਜ ਭਵਨ ਦੇ ਬਾਹਰ ਐਤਵਾਰ ਨੂੰ ਕਬਜ਼ਿਆਂ ਵਿਰੋਧੀ ਮੁਹਿੰਮ ਦੇ ਵਿਰੋਧ ’ਚ ਪ੍ਰਦਰਸ਼ਨ ਕਰ ਰਹੇ ‘ਆਪ’ ਆਗੂ ਹਰਸ਼ ਦੇਵ ਸਿੰਘ ਸਮੇਤ ਦੋ ਹੋਰ ਪਾਰਟੀ ਵਰਕਰਾਂ ਨੂੰ ਹਿਰਾਸਤ ’ਚ ਲਿਆ ਗਿਆ। ਹਿਰਾਸਤ ਵਿੱਚ ਲੈਣ ਤੋਂ ਪਹਿਲਾਂ ਇਹ ਤਿੰਨੋਂ ਜਣੇ ਇਸ ਮੁਹਿੰਮ ਦੇ ਵਿਰੋਧ ਵਿੱਚ ਰਾਜ ਭਵਨ ਅੱਗੇ ਤਿਰੰਗਾ ਫੜ ਕੇ ਧਰਨੇ ’ਤੇ ਬੈਠ ਗਏ। ਸਾਬਕਾ ਮੰਤਰੀ ਨੇ ਕਿਹਾ, ‘ਹਾਲਾਂਕਿ ਲੈਫਟੀਨੈਂਟ ਗਵਰਨਰ ਨੇ ਗਰੀਬਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਨੂੰ ਬੇਘਰ ਨਹੀਂ ਕੀਤਾ ਜਾਵੇਗਾ ਪਰ ਜ਼ਿਲ੍ਹਾ ਅਤੇ ਤਹਿਸੀਲ ਪ੍ਰਸ਼ਾਸਨ ਅਮੀਰਾਂ ਤੇ ਤਾਕਤਵਰਾਂ ਨੂੰ ਛੱਡ ਕੇ ਸਿਰਫ ਗਰੀਬ ਅਤੇ ਗੈਰ-ਪ੍ਰਭਾਵਸ਼ਾਲੀ ਲੋਕਾਂ ਨੂੰ ਉਜਾੜ ਰਿਹਾ ਹੈ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ