ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਲਈ ਦੇਸ਼ ਦੇ ਪੰਜ ਸੂਬਿਆਂ ਪੱਛਮੀ ਬੰਗਾਲ, ਕੇਰਲਾ, ਤਾਮਿਲ ਨਾਡੂ, ਅਸਾਮ ਤੇ ਪੁੱਡੂਚੇਰੀ ਲਈ ਭਲਕੇ 6 ਅਪਰੈਲ ਨੂੰ ਵੋਟਾਂ ਪੈਣਗੀਆਂ। ਪੱਛਮੀ ਬੰਗਾਲ ’ਚ ਭਲਕੇ ਤੀਜੇ ਗੇੜ ਅਤੇ ਅਸਾਮ ਵਿਚ ਤੀਜੇ ਤੇ ਆਖ਼ਰੀ ਗੇੜ ਦੀਆਂ ਵੋਟਾਂ ਪੈਣਗੀਆਂ ਜਦਕਿ ਇਸੇ ਦਿਨ ਕੇਰਲਾ, ਤਾਮਿਲ ਨਾਡੂ ਤੇ ਪੁੱਡੂਚੇਰੀ ਵਿਚ ਇਕੋ ਵਾਰ ਸਾਰੀਆਂ ਸੀਟਾਂ ’ਤੇ ਵੋਟਾਂ ਪੈਣ ਦਾ ਅਮਲ ਮੁਕੰਮਲ ਹੋ ਜਾਵੇਗਾ। ਬੰਗਾਲ ਵਿਚ 31 ਸੀਟਾਂ ’ਤੇ 205 ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਹੋਵੇਗਾ। ਇਸ ਗੇੜ ਵਿਚ ਬੰਗਾਲ ਦੇ ਦਿਹਾਤੀ ਹਾਵੜਾ, ਸੁੰਦਰਬਨ ਖੇਤਰ, ਡਾਇਮੰਡ ਹਾਰਬਰ, ਹੁਗਲੀ ਤੇ ਦੱਖਣੀ 24 ਪਰਗਨਾ ਜ਼ਿਲ੍ਹੇ ਵਿਚ ਵੋਟਾਂ ਪੈਣਗੀਆਂ। ਸੀਨੀਅਰ ਭਾਜਪਾ ਆਗੂ ਸਵਪਨ ਦਾਸਗੁਪਤਾ, ਟੀਐੱਮਸੀ ਦੀ ਮੰਤਰੀ ਆਸ਼ਿਮਾ ਪਾਤਰਾ ਤੇ ਸੀਪੀਐੱਮ ਦੇ ਸਾਬਕਾ ਮੰਤਰੀ ਕਾਂਤੀ ਗਾਂਗੁਲੀ ਤੀਜੇ ਗੇੜ ਦੀਆਂ ਚੋਣਾਂ ਵਿਚ ਵਿਰੋਧੀ ਉਮੀਦਵਾਰਾਂ ਨਾਲ ਭਿੜਨਗੇ। ਕਰੀਬ ਸਾਰਿਆਂ ਸੂਬਿਆਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਆਗੂ ਰਾਹੁਲ ਤੇ ਪ੍ਰਿਯੰਕਾ ਗਾਂਧੀ ਅਤੇ ਹੋਰ ਵੱਡੇ ਆਗੂਆਂ ਨੇ ਚੋਣ ਪ੍ਰਚਾਰ ਕੀਤਾ ਹੈ। ਮੰਗਲਵਾਰ ਨੂੰ ਕੇਰਲਾ ਦੇ 140 ਹਲਕਿਆਂ ਤੇ ਤਾਮਿਲ ਨਾਡੂ ਦੀਆਂ 234 ਸੀਟਾਂ ਲਈ ਵੋਟਾਂ ਪੈਣਗੀਆਂ। ਤਾਮਿਲ ਨਾਡੂ ਵਿਚ ਡੀਐੱਮਕੇ ਤੇ ਅੰਨਾਡੀਐਮਕੇ ਵਿਚਾਲੇ ਸਿੱਧੀ ਟੱਕਰ ਹੈ ਜਦਕਿ ਕੇਰਲਾ ਵਿਚ ਸੀਪੀਐੱਮ ਦੀ ਅਗਵਾਈ ਵਾਲੀ ਐੱਲਡੀਐੱਫ, ਕਾਂਗਰਸ ਦੀ ਅਗਵਾਈ ਵਾਲੀ ਯੂਡੀਐੱਫ ਅਤੇ ਭਾਜਪਾ ਵਿਚਾਲੇ ਟੱਕਰ ਹੋਵੇਗੀ। ਪੰਜਾਂ ਸੂਬਿਆਂ ’ਚ ਚੋਣਾਂ ਦਾ ਅਮਲ ਅਮਨਪੂਰਬਕ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਪੱਛਮੀ ਬੰਗਾਲ ਦੇ 10870 ਪੋਲਿੰਗ ਸਟੇਸ਼ਨਾਂ ਲਈ ਸੀਏਪੀਐੱਫ ਦੀਆਂ 618 ਕੰਪਨੀਆਂ ਭੇਜੀਆਂ ਗਈਆਂ ਹਨ। ਇਨ੍ਹਾਂ ਤੋਂ ਇਲਾਵਾ ਸੂਬਾ ਪੁਲੀਸ ਦੇ ਜਵਾਨ ਦੀ ਸੁਰੱਖਿਆ ਵਜੋਂ ਤਾਇਨਾਤ ਰਹਿਣਗੇ। -ਪੀਟੀਆਈ