ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਲੋਨੀ ’ਚ ਇਕ ਬਜ਼ੁਰਗ ਮੁਸਲਿਮ ਵਿਅਕਤੀ ਨਾਲ 5 ਜੂਨ ਨੂੰ ਕੁਝ ਵਿਅਕਤੀਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ ਦਾੜ੍ਹੀ ਕੱਟ ਦਿੱਤੀ। ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਅਬਦੁੱਲ ਸਮਦ ਨੂੰ ਆਟੋ ਰਿਕਸ਼ਾ ’ਚ ਉਸ ਸਮੇਂ ਅਗ਼ਵਾ ਕੀਤਾ ਜਦੋਂ ਉਹ ਮਸਜਿਦ ’ਚ ਨਮਾਜ਼ ਅਦਾ ਕਰਕੇ ਆ ਰਹੇ ਸਨ। ਸਮਦ ਨੂੰ ਜੰਗਲੀ ਇਲਾਕੇ ’ਚ ਇਕ ਥਾਂ ’ਤੇ ਲਿਜਾ ਕੇ ਉਥੇ ‘ਜੈ ਸ੍ਰੀ ਰਾਮ ਅਤੇ ਵੰਦੇ ਮਾਤਰਮ’ ਦੇ ਨਾਅਰੇ ਲਾਉਣ ਲਈ ਮਜਬੂਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ’ਤੇ ਘਸੁੰਨ ਅਤੇ ਲਾਠੀਆਂ ਵਰ੍ਹਾਈਆਂ ਗਈਆਂ। ਹਮਲਾਵਰਾਂ ਨੇ ਸਮਦ ’ਤੇ ਦੋਸ਼ ਲਾਇਆ ਕਿ ਉਹ ਪਾਕਿਸਤਾਨੀ ਜਾਸੂਸ ਹੈ। ਕੁੱਟਮਾਰ ਦੀ ਇਸ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ ਹੈ। ਸਦਮੇ ’ਚ ਦਿਖਾਈ ਦੇ ਰਹੇ ਸ੍ਰੀ ਸਮਦ ਨੇ ਦੱਸਿਆ,‘‘ਮੈਂ ਰਾਹ ’ਚ ਸੀ ਤਾਂ ਮੈਨੂੰ ਲਿਫ਼ਟ ਦੀ ਪੇਸ਼ਕਸ਼ ਕੀਤੀ ਗਈ। ਇਸ ਦੌਰਾਨ ਦੋ ਹੋਰ ਵਿਅਕਤੀ ਆਟੋ ਰਿਕਸ਼ਾ ’ਚ ਆ ਕੇ ਬੈਠ ਗਏ। ਉਹ ਮੈਨੂੰ ਇਕ ਕਮਰੇ ’ਚ ਲੈ ਗਏ ਅਤੇ ਉਥੇ ਕੁੱਟਿਆ। ਉਨ੍ਹਾਂ ਮੈਨੂੰ ਨਾਅਰੇ ਲਾਉਣ ਲਈ ਮਜਬੂਰ ਕੀਤਾ। ਮੇਰਾ ਮੋਬਾਈਲ ਵੀ ਖੋਹ ਲਿਆ ਅਤੇ ਚਾਕੂ ਨਾਲ ਮੇਰੀ ਦਾੜ੍ਹੀ ਕੱਟ ਦਿੱਤੀ।’’ ਹੰਝੂ ਵਹਾਉਂਦਿਆਂ ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੇ ਹੋਰ ਮੁਸਲਮਾਨਾਂ ’ਤੇ ਹਮਲੇ ਦਾ ਇਕ ਵੀਡੀਓ ਵੀ ਦਿਖਾਇਆ ਅਤੇ ਸ਼ੇਖੀ ਮਾਰੀ ਕਿ ਉਨ੍ਹਾਂ ਕਈ ਮੁਸਲਮਾਨਾਂ ਦੀ ਹੱਤਿਆ ਵੀ ਕੀਤੀ ਹੈ। ਪੁਲੀਸ ਨੇ ਮੁੱਖ ਮੁਲਜ਼ਮ ਪ੍ਰਵੇਸ਼ ਗੁੱਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। -ਏਜੰਸੀ