ਗੁਹਾਟੀ, 21 ਸਤੰਬਰ
ਕੇਂਦਰੀ ਮੰਤਰੀ ਸਰਬਨੰਦਾ ਸੋਨੋਵਾਲ ਨੇ ਅਸਾਮ ਦੀ ਰਾਜ ਸਭਾ ਸੀਟ ਲਈ ਅੱਜ ਆਪਣੀ ਨਾਮਜ਼ਦਗੀ ਭਰ ਦਿੱਤੀ ਹੈ। ਵਿਰੋਧੀ ਧਿਰ ਨੇ ਇਸ ਸੀਟ ਤੋਂ ਆਪਣਾ ਕੋਈ ਉਮੀਦਵਾਰ ਖੜ੍ਹਾ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲਈ ਸੋਨੋਵਾਲ ਦੇ ਬਿਨਾਂ ਮੁਕਾਬਲਾ ਚੁਣੇ ਜਾਣ ਦੇ ਪੂਰੇ ਆਸਾਰ ਹਨ। ਸਾਬਕਾ ਮੁੱਖ ਮੰਤਰੀ ਸੱਤਾਧਾਰੀ ਗੱਠਜੋੜ ਭਾਜਪਾ, ਏਜੀਪੀ ਤੇ ਯੂਪੀਪੀਐੱਲ ਦੇ ਸਾਂਝੇ ਉਮੀਦਵਾਰ ਹਨ। ਰਿਟਰਨਿੰਗ ਅਫਸਰ ਕੋਲ ਕਾਗਜ਼ ਦਾਖਲ ਕਰਨ ਮੌਕੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਏਜੀਪੀ ਆਗੂ ਅਤੁਲ ਬੋਰਾ, ਯੂਪੀਪੀਐਲ ਆਗੂ ਯੂਜੀ ਬ੍ਰਹਮਾ, ਭਾਜਪਾ ਪ੍ਰਧਾਨ ਭਾਬੇਸ਼ ਕਾਲੀਤਾ ਤੇ ਹੋਰ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬਿਸਵਜੀਤ ਦਈਮੈਰੀ ਵਿਧਾਨ ਸਭਾ ਲਈ ਚੁਣੇ ਗਏ ਸਨ ਤੇ ਰਾਜ ਸਭਾ ਦੀ ਇਹ ਸੀਟ ਖਾਲੀ ਹੋ ਗਈ ਸੀ। ਉਹ ਹੁਣ ਵਿਧਾਨ ਸਭਾ ਦੇ ਸਪੀਕਰ ਹਨ। ਸੋਨੋਵਾਲ ਨੇ ਵੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕੀਤੀ ਸੀ ਪਰ 59 ਸਾਲਾ ਆਗੂ ਨੂੰ ਜੁਲਾਈ ਵਿਚ ਕੇਂਦਰੀ ਕੈਬਨਿਟ ਵਿਚ ਸ਼ਾਮਲ ਕਰ ਲਿਆ ਗਿਆ ਸੀ। -ਪੀਟੀਆਈ
ਮੱਧ ਪ੍ਰਦੇਸ਼: ਕੇਂਦਰੀ ਮੰਤਰੀ ਮੁਰੂਗਨ ਨੇ ਰਾਜ ਸਭਾ ਲਈ ਨਾਮਜ਼ਦਗੀ ਭਰੀ
ਭੋਪਾਲ: ਕੇਂਦਰੀ ਮੰਤਰੀ ਲੋਗਾਨਾਥਨ ਮੁਰੂਗਨ ਨੇ ਰਾਜ ਸਭਾ ਦੀ ਅਗਾਮੀ ਜ਼ਿਮਨੀ ਚੋਣ ਲਈ ਅੱਜ ਭਾਜਪਾ ਉਮੀਵਾਰ ਵਜੋਂ ਮੱਧ ਪ੍ਰਦੇਸ਼ ਤੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ। ਮੱਧ ਪ੍ਰਦੇਸ਼ ਦੀ 230 ਮੈਂਬਰੀ ਅਸੈਂਬਲੀ ਵਿੱਚ ਭਾਜਪਾ ਦੇ ਵਿਧਾਇਕਾਂ ਦੀ ਗਿਣਤੀ ਨੂੰ ਵੇਖਦਿਆਂ ਮੁਰੂਗਨ ਦਾ ਰਾਜ ਸਭਾ ਲਈ ਨਿਰਵਿਰੋਧ ਚੁਣਿਆ ਜਾਣਾ ਲਗਪਗ ਤੈਅ ਹੈ। ਭਾਜਪਾ ਦੇ ਮੁਕਾਬਲੇ ਵਿਧਾਇਕਾਂ ਦੀ ਗਿਣਤੀ ਘੱਟ ਹੋਣ ਕਰਕੇ ਕਾਂਗਰਸ ਸ਼ਾਇਦ ਇਸ ਜ਼ਿਮਨੀ ਚੋਣ ਵਿੱਚ ਆਪਣਾ ਉਮੀਦਵਾਰ ਨਾ ਉਤਾਰੇ। ਕਾਬਿਲੇਗੌਰ ਹੈ ਕਿ ਮੱਧ ਪ੍ਰਦੇਸ਼ ਤੋਂ ਸਿਟਿੰਗ ਸੰਸਦ ਮੈਂਬਰ ਥਾਵਰ ਚੰਦ ਗਹਿਲੋਤ ਨੂੰ ਕਰਨਾਟਕ ਦਾ ਰਾਜਪਾਲ ਲਾਏ ਜਾਣ ਕਰਕੇ ਜ਼ਿਮਨੀ ਚੋਣ ਦੀ ਲੋੜ ਪਈ ਹੈ। ਮੁਰੂਗਨ ਕੇਂਦਰ ਸਰਕਾਰ ਵਿੱਚ ਸੂਚਨਾ ਤੇ ਤਕਨਾਲੋਜੀ, ਮੱਛੀ ਪਾਲਣ, ਡੇਅਰੀ ਤੇ ਪਸ਼ੂਪਾਲਣ ਮੰਤਰਾਲੇ ’ਚ ਰਾਜ ਮੰਤਰੀ ਹਨ। -ਪੀਟੀਆਈ