ਹਾਫਲੌਂਗ/ਗੁਹਾਟੀ, 16 ਮਈ
ਜ਼ਮੀਨ ਧੱਸਣ ਅਤੇ ਲਗਾਤਾਰ ਮੀਂਹ ਪੈਣ ਨਾਲ ਰੇਲ ਪੱਟੜੀਆਂ ’ਤੇ ਪਾਣੀ ਭਰਨ ਕਾਰਨ ਅਸਾਮ ਦੇ ਲੁਮਡਿੰਗ-ਬਦਰਪੁਰ ਪਹਾੜੀ ਖੇਤਰ ਵਿੱਚ ਦੋ ਦਿਨਾਂ ਤੋਂ ਫਸੀਆਂ ਦੋ ਰੇਲਗੱਡੀਆਂ ਦੇ ਲਗਪਗ 2800 ਯਾਤਰੀਆਂ ਨੂੰ ਕੱਢਣ ਦਾ ਕੰਮ ਅੱਜ ਹਵਾਈ ਫ਼ੌਜ ਅਤੇ ਹੋਰ ਏਜੰਸੀਆਂ ਦੀ ਮਦਦ ਨਾਲ ਪੂਰਾ ਹੋ ਗਿਆ। ਨਾਰਥ-ਈਸਟ ਫਰੰਟੀਅਰ ਰੇਲਵੇ (ਐੱਨਐੱਫਆਰ) ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਈ ਯਾਤਰੀਆਂ ਨੂੰ ਹਵਾਈ ਫ਼ੌਜ ਵੱਲੋਂ ਕੱਢਿਆ ਗਿਆ ਕਿਉਂਕਿ ਸ਼ਨਿੱਚਰਵਾਰ ਤੋਂ ਜਾਰੀ ਲਗਾਤਾਰ ਮੀਂਹ ਕਾਰਨ ਬਚਾਅ ਕਾਰਜ ਪ੍ਰਭਾਵਿਤ ਹੋਏ ਸਨ। ਦੋ ਰੇਲ ਗੱਡੀਆਂ ਦੀਮਾ ਹਸਾਓ ਜ਼ਿਲ੍ਹੇ ਵਿੱਚ ਐੱਨਐੱਫਆਰ ਦੇ ਲੁਮਡਿੰਗ ਖੇਤਰ ਵਿੱਚ ਫਸੀਆਂ ਹੋਈਆਂ ਸਨ। ਇਸ ਦੌਰਾਨ ਇੱਕ ਅਧਿਕਾਰਿਤ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਹਾਫਲੌਂਗ ਖੇਤਰ ਵਿੱਚ ਜ਼ਮੀਨ ਧੱਸਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਅਸਾਮ ਦੇ ਸੱਤ ਜ਼ਿਲ੍ਹਿਆਂ ਵਿੱਚ ਹੜ੍ਹ ਨਾਲ 57,119 ਲੋਕ ਪ੍ਰਭਾਵਿਤ ਹੋਏ ਹਨ ਕਿਉਂਕਿ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲਗਾਤਾਰ ਮੀਂਹ ਜਾਰੀ ਹੈ। -ਪੀਟੀਆਈ