ਹਾਫਲੌਂਗ/ਗੁਹਾਟੀ, 16 ਮਈ
ਜ਼ਮੀਨ ਧਸਣ ਅਤੇ ਲਗਾਤਾਰ ਮੀਂਹ ਪੈਣ ਕਾਰਨ ਰੇਲ ਪੱਟੜੀਆਂ ’ਤੇ ਪਾਣੀ ਭਰਨ ਕਾਰਨ ਅਸਾਮ ਦੇ ਲੁਮਡਿੰਗ-ਬਦਰਪੁਰ ਪਹਾੜੀ ਖੇਤਰ ਵਿੱਚ ਦੋ ਦਿਨਾਂ ਤੋਂ ਫਸੀਆਂ ਦੋ ਰੇਲ-ਗੱਡੀਆਂ ਦੇ ਲਗਪਗ 2800 ਯਾਤਰੀਆਂ ਨੂੰ ਕੱਢਣ ਦਾ ਕੰਮ ਅੱਜ ਹਵਾਈ ਫ਼ੌਜ ਅਤੇ ਹੋਰ ਏਜੰਸੀਆਂ ਦੀ ਮਦਦ ਨਾਲ ਪੂਰਾ ਹੋ ਗਿਆ। ਨਾਰਥ-ਈਸਟ ਫਰੰਟੀਅਰ ਰੇਲਵੇ (ਐੱਨਐੱਫਆਰ) ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਈ ਯਾਤਰੀਆਂ ਨੂੰ ਹਵਾਈ ਫ਼ੌਜ ਵੱਲੋਂ ਸੁਰੱਖਿਅਤ ਕੱਢਿਆ ਗਿਆ ਕਿਉਂਕਿ ਸ਼ਨਿਚਰਵਾਰ ਤੋਂ ਜਾਰੀ ਲਗਾਤਾਰ ਮੀਂਹ ਕਾਰਨ ਬਚਾਅ ਕਾਰਜ ਪ੍ਰਭਾਵਿਤ ਹੋਏ ਸਨ। ਦੋ ਰੇਲ ਗੱਡੀਆਂ ਦੀਮਾ ਹਸਾਓ ਜ਼ਿਲ੍ਹੇ ਵਿੱਚ ਐੱਨਐੱਫਆਰ ਦੇ ਲੁਮਡਿੰਗ ਖੇਤਰ ਵਿੱਚ ਫਸੀਆਂ ਹੋਈਆਂ ਸਨ। ਇਸ ਦੌਰਾਨ ਇੱਕ ਅਧਿਕਾਰਿਤ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਹਾਫਲੌਂਗ ਖੇਤਰ ਵਿੱਚ ਜ਼ਮੀਨ ਧਸਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਅਸਾਮ ਦੇ ਸੱਤ ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ 57,119 ਲੋਕ ਪ੍ਰਭਾਵਿਤ ਹੋਏ ਹਨ ਕਿਉਂਕਿ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲਗਾਤਾਰ ਮੀਂਹ ਜਾਰੀ ਹੈ। ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਪ੍ਰਭਾਵਿਤ ਲੋਕਾਂ ਵਿੱਚੋਂ 4,330 ਨੂੰ ਸਰਕਾਰ ਵੱਲੋਂ ਸਥਾਪਿਤ 20 ਰਾਹਤ ਕੈਂਪਾਂ ਵਿੱਚ ਰੱਖਿਆ ਗਿਆ ਹੈ। ਵੱਖ ਵੱਖ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਨੌਂ ਰਾਹਤ ਕੇਂਦਰ ਬਣਾਏ ਗਏ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਹੜ੍ਹਾਂ ਕਾਰਨ ਕੁੱਲ 10,321 ਹੈਕਟੇਅਰ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਐੱਨਐੱਫਆਰ ਦੇ ਬੁਲਾਰੇ ਨੇ ਗੁਹਾਟੀ ਵਿੱਚ ਕਿਹਾ ਕਿ ਪ੍ਰਭਾਵਿਤ ਖੇਤਰ ਵਿੱਚ ਸ਼ਨਿਚਰਵਾਰ ਤੋਂ ਲਗਪਗ 18 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਦਸ ਤੋਂ ਵੱਧ ਰੇਲ ਗੱਡੀਆਂ ਨੂੰ ਕੁਝ ਸਮੇਂ ਲਈ ਮੁਲਤਵੀ ਕੀਤਾ ਗਿਆ ਹੈ। ਲਗਾਤਾਰ ਮੀਂਹ ਦੇ ਬਾਵਜੂਦ ਨੁਕਸਾਨੀਆਂ ਗਈਆਂ ਰੇਲ ਪੱਟੜੀਆਂ ਦੀ ਮੁਰੰਮਤ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। -ਪੀਟੀਆਈ