ਗੁਹਾਟੀ, 10 ਮਾਰਚ
ਆਸਾਮ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਦੇ ਪਹਿਲੇ ਪੜਾਅ ਲਈ 47 ਸੀਟਾਂ ਵਾਸਤੇ 281 ਉਮੀਦਵਾਰ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਏ ਹਨ। ਪਹਿਲੇ ਪੜਾਅ ਲਈ ਵੋਟਾਂ 27 ਮਾਰਚ ਨੂੰ ਪੈਣੀਆਂ ਹਨ। ਨਾਮਜ਼ਦਗੀਆਂ ਦਾਖ਼ਲ ਕਾਰਵਾਉਣ ਦੀ ਆਖਰੀ ਤਾਰੀਕ 9 ਮਾਰਚ ਸੀ। ਮੁੱਖ ਚੋਣ ਦਫ਼ਤਰ ਵੱਲੋੋਂ ਜਾਰੀ ਬਿਆਨ ਮੁਤਾਬਕ ਪਹਿਲੇ ਪੜਾਅ ’ਚ ਚੋਣ ਲਈ ਕਈ ਅਹਿਮ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ। ਇਨ੍ਹਾਂ ਵਿੱਚ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਮਜੁਲੀ, ਭਾਜਪਾ ਵਿਧਾਇਕਾ ਅੰਗੂਰਲਤਾ ਡੇਕਾ ਨੇ ਬਤਰੋਬਾ, ਅਸ਼ੋਕ ਸਿੰੰਘ ਨੇ ਧੇਕਿਆਜੁਲੀ, ਮ੍ਰਿਣਾਲ ਸੈਕੀਆ ਨੇ ਖੁਮਤਾਈ ਅਤੇ ਪਦਮਾ ਹਜ਼ਾਰਿਕਾ ਨੇ ਸੂੂਟੀਆ ਤੋਂ ਇਲਾਵਾ ਸਾਬਕਾ ਮੰਤਰੀ ਅਜੰਤਾ ਨਿਓਗ ਨੇ ਗੋਲਾਘਾਟ ਅਤੇ ਬਿਸਮਿਤਾ ਗੋਗੋਈ ਨੇ ਖੁਮਤਾਈ ਹਲਕੇ ਤੋਂ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ। ਹੋਰ ਉਮੀਦਵਾਰਾਂ ’ਚ ਸਪੀਕਰ ਹਿਤੇਂਦਰ ਨਾਥ ਗੋਸਵਾਮੀ ਨੇ ਭਾਜਪਾ ਦੀ ਟਿਕਟ ’ਤੇ ਜੋਰਹਾਟ ਹਲਕੇ ਤੋਂ ਜਦਕਿ ਆਸਾਮ ਕਾਂਗਰਸ ਦੇ ਪ੍ਰਧਾਨ ਰਿਪੁਨ ਬੋਰਾ ਨੇ ਗੋਹਪੁਰ ਹਲਕੇ ਤੋਂ, ਵਿਧਾਨ ਸਭਾ ’ਚ ਕਾਂਗਰਸ ਦੇ ਨੇਤਾ ਦੇਵਵਰਤ ਨੇ ਸੈਕੀਆ ਅਤੇ ਆਈਆਈਸੀਸੀ ਦੇ ਸਕੱਤਰ ਭੂੁਪੇਨ ਬੋਰਾ ਨੇ ਬੀਹਪੁਰੀਆ ਹਲਕੇ ਤੋਂ ਨਾਮਜ਼ਦਗੀ ਪਰਚੇ ਭਰੇ ਹਨ। ਨਾਮਜ਼ਦਗੀ ਕਾਗਜ਼ 12 ਮਾਰਚ ਤੱਕ ਵਾਪਸ ਲਏ ਜਾ ਸਕਦੇ ਹਨ। ਆਸਾਮ ਵਿਧਾਨ ਸਭਾ ਦੀਆਂ 126 ਸੀਟਾਂ ਲਈ ਚੋਣਾਂ ਤਿੰਨ ਪੜਾਵਾਂ ਵਿੱਚ 27 ਮਾਰਚ ਅਤੇ 1 ਤੇ 6 ਅਪਰੈਲ ਨੂੰ ਹੋਣੀਆਂ ਹਨ।
-ਪੀਟੀਆਈ
ਟਿਕਟ ਨਾ ਮਿਲਣ ’ਤੇ ਦੋ ਭਾਜਪਾ ਵਿਧਾਇਕਾਂ ਵੱਲੋਂ ਅਸਤੀਫ਼ਾ
ਗੁਹਾਟੀ: ਅਗਾਮੀ ਵਿਧਾਨ ਸਭਾ ਚੋਣਾਂ ਵਿਚ ਟਿਕਟ ਨਾ ਮਿਲਣ ’ਤੇ ਅਸਾਮ ਦੇ ਦੋ ਭਾਜਪਾ ਵਿਧਾਇਕਾਂ ਨੇ ਅੱਜ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵਿਧਾਇਕਾਂ ਵਿਚ ਸਾਬਕਾ ਡਿਪਟੀ ਸਪੀਕਰ ਦਿਲੀਪ ਕੁਮਾਰ ਪੌਲ ਤੇ ਸ਼ੈਲਾਦਿੱਤਿਆ ਦੇਵ ਸ਼ਾਮਲ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਦੇ ਕੁਝ ਆਗੂਆਂ ਨੇ ਉਨ੍ਹਾਂ ਵਿਰੁੱਧ ਸਾਜ਼ਿਸ਼ ਘੜੀ ਹੈ। ਐਤਵਾਰ ਭਾਜਪਾ ਆਗੂ ਤੇ ਕੈਬਨਿਟ ਮੰਤਰੀ ਸੁਮ ਰੋਂਗਹੈਂਗ ਵਿਰੋਧੀ ਧਿਰ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੂੰ ਦਿਫੂ ਹਲਕੇ ਤੋਂ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
-ਪੀਟੀਆਈ