ਗੁਹਾਟੀ, 11 ਮਈ
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਇੱਥੇ ਜਨਤਕ ਰੈਲੀ ਦੌਰਾਨ ‘ਭੁਲੇਖੇ ਨਾਲ’ ਨਰਿੰਦਰ ਮੋਦੀ ਨੂੰ ਗ੍ਰਹਿ ਮੰਤਰੀ ਅਤੇ ਅਮਿਤ ਸ਼ਾਹ ਨੂੰ ਪ੍ਰਧਾਨ ਕਹਿ ਦਿੱਤਾ, ਜਿਸ ਨਾਲ ਸੂਬੇ ਵਿੱਚ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਭਾਜਪਾ ਇਸ ਨੂੰ ‘ਮਨੁੱਖੀ ਗ਼ਲਤੀ’ ਵਜੋਂ ਪੇਸ਼ ਕਰ ਰਹੀ ਹੈ, ਜਦੋਂਕਿ ਵਿਰੋਧੀ ਧਿਰ ਇਸ ਤੋਂ ਸ਼ਾਹ ਨੂੰ ਅਗਲੇ ਪ੍ਰਧਾਨ ਮੰਤਰੀ ਵਜੋਂ ‘ਉਭਾਰਨ’ ਦਾ ਅੰਦਾਜ਼ਾ ਲਗਾ ਰਹੀ ਹੈ। ਇਹ ਭੁੱਲ ਉਦੋਂ ਹੋਈ, ਜਦੋਂ ਮੁੱਖ ਮੰਤਰੀ ਸਰਮਾ ਆਪਣੀ ਸਰਕਾਰ ਦੇ ਇੱਕ ਸਾਲ ਪੂਰਾ ਹੋਣ ’ਤੇ ਮੰਗਲਵਾਰ ਨੂੰ ਇੱਥੇ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਆਪਣੇ ਸੰਬੋਧਨ ਵਿੱਚ ਸਰਮਾ ਨੇ ‘ਪ੍ਰਧਾਨ ਮੰਤਰੀ ਅਮਿਤ ਸ਼ਾਹ ਅਤੇ ਸਾਡੇ ਹਰਮਨ ਪਿਆਰੇ ਗ੍ਰਹਿ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ’ ਪ੍ਰਤੀ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਪ੍ਰੇਰਨਾ ਲਈ ਸ਼ੁਕਰੀਆ ਅਦਾ ਕੀਤਾ। -ਪੀਟੀਆਈ