ਗੁਹਾਟੀ, 26 ਸਤੰਬਰ
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਤੇ ਸਦਗੁਰੂ ਜੱਗੀ ਵਾਸੂਦੇਵ ’ਤੇ ਰਾਤ ਨੂੰ ਕਾਜ਼ੀਰੰਗਾ ਕੌਮੀ ਪਾਰਕ ਵਿਚ ਜੰਗਲ ਸਫਾਰੀ ਕਰ ਕੇ ਜੰਗਲੀ ਜੀਵ ਸੁਰੱਖਿਆ ਐਕਟ ਦੀ ਉਲੰਘਣਾ ਦਾ ਦੋਸ਼ ਲਾਇਆ ਗਿਆ ਹੈ। ਦੋ ਕਾਰਕੁਨਾਂ ਨੇ ਮੁੱਖ ਮੰਤਰੀ, ਵਾਸੂਦੇਵ ਤੇ ਸੈਰ-ਸਪਾਟਾ ਮੰਤਰੀ ਜੈਯੰਤ ਮੱਲਾ ਬਰੂਆ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਹਾਲਾਂਕਿ ਮੁੱਖ ਮੰਤਰੀ ਨੇ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ ਜੋ ਵਿਅਕਤੀ ਨੂੰ ਰਾਤ ਵੇਲੇ ਪਾਰਕ ਜਾਣ ਤੋਂ ਰੋਕਦਾ ਹੋਵੇ।
ਕਾਰਕੁਨਾਂ ਨੇ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਤੇ ਹੋਰ ਸ਼ਨਿਚਰਵਾਰ ਰਾਤ ਆਖ਼ਰੀ ਸਮੇਂ ਤੋਂ ਬਾਅਦ ਪਾਰਕ ਵਿਚ ਦਾਖਲ ਹੋਏ ਸਨ। ਉਨ੍ਹਾਂ ਕਿਹਾ ਸੀ ਕਿ ਐਕਟ ਤਹਿਤ ਤੈਅ ਸਮੇਂ ਤੋਂ ਬਾਅਦ ਜੰਗਲ ਵਿਚ ਸਫਾਰੀ ਲਈ ਜਾਣਾ ਮਨ੍ਹਾ ਹੈ। ਇਸ ਦਾ ਮੰਤਵ ਜਾਨਵਰਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਸੋਸ਼ਲ ਮੀਡੀਆ ਤੇ ਸਥਾਨਕ ਚੈਨਲਾਂ ਉਤੇ ਚੱਲੀ ਵੀਡੀਓ ਵਿਚ ਸਰਮਾ ਤੇ ਹੋਰ ਇਕ ਐੱਸਯੂਵੀ ਵਿਚ ਜੰਗਲ ’ਚ ਘੁੰਮਦੇ ਨਜ਼ਰ ਆ ਰਹੇ ਹਨ। ਮੁੱਖ ਮੰਤਰੀ ਨੇ ਕਿਹਾ, ‘ਕੋਈ ਉਲੰਘਣਾ ਨਹੀਂ ਹੋਈ। ਕਾਨੂੰਨ ਮੁਤਾਬਕ ਵਾਰਡਨ ਰਾਤ ਵੇਲੇ ਵੀ ਸੁਰੱਖਿਅਤ ਖੇਤਰ ਵਿਚ ਜਾਣ ਦੀ ਇਜਾਜ਼ਤ ਦੇ ਸਕਦਾ ਹੈ। ਕੋਈ ਕਾਨੂੰਨ ਰਾਤ ਨੂੰ ਪਾਰਕ ਵਿਚ ਜਾਣ ’ਤੇ ਪਾਬੰਦੀ ਨਹੀਂ ਲਾਉਂਦਾ।’ ਐਤਵਾਰ ਰਾਤ ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਤੋਂ ਇਸ ਸੀਜ਼ਨ ਲਈ ਪਾਰਕ ਨੂੰ ਖੋਲ੍ਹਿਆ ਗਿਆ ਹੈ। ਇਸੇ ਦੌਰਾਨ ਸਦਗੁਰੂ ਤੇ ਸ੍ਰੀ ਸ੍ਰੀ ਰਵੀਸ਼ੰਕਰ ਵੀ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਦੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਹਨ। ਇਸ ਲਈ ਇਹ ਸੀਜ਼ਨ ਪਾਰਕ ਲਈ ਚੰਗਾ ਰਹਿਣ ਦੀ ਸੰਭਾਵਨਾ ਹੈ। -ਏਐੱਨਆਈ