ਗੁਹਾਟੀ, 23 ਮਈ
ਅਸਾਮ ਦੇ ਨਗਾਓਂ ਜ਼ਿਲ੍ਹੇ ਵਿਚ ਇਕ ਵਿਅਕਤੀ ਦੀ ਹਿਰਾਸਤ ’ਚ ਹੋਈ ਮੌਤ ਦੇ ਵਿਰੋਧ ਵਿਚ ਥਾਣੇ ਨੂੰ ਅੱਗ ਲਾਉਣ ਵਾਲੇ ਲੋਕਾਂ ਦੇ ਘਰ ਪ੍ਰਸ਼ਾਸਨ ਨੇ ਬੁਲਡੋਜ਼ਰ ਨਾਲ ਢਾਹ ਦਿੱਤੇ ਹਨ।
ਇਕ ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ ਜਿਨ੍ਹਾਂ ਦੇ ਘਰ ਢਾਹੇ ਗਏ ਹਨ, ਉਹ ਥਾਣੇ ਨੂੰ ਅੱਗ ਲਾਉਣ ਦੀ ਘਟਨਾ ਵਿਚ ਸ਼ਾਮਲ ਸਨ। ਜ਼ਿਲ੍ਹਾ ਪ੍ਰਸ਼ਾਸਨ ਨੇ ਅੱਗਜ਼ਨੀ ਦੀ ਘਟਨਾ ਤੋਂ ਬਾਅਦ ਪਿੰਡ ਸਲਨਬੋਰੀ ਵਿਚ ਬੇਦਖ਼ਲੀ ਦੀ ਮੁਹਿੰਮ ਚਲਾਈ ਤੇ ਕਈ ਘਰ ਢਾਹ ਦਿੱਤੇ ਗਏ। ਹਿਰਾਸਤ ਵਿਚ ਮਰਨ ਵਾਲੇ ਸਫ਼ੀਕੁਲ ਇਸਲਾਮ ਤੇ ਉਸ ਦੇ ਰਿਸ਼ਤੇਦਾਰਾਂ ਦੇ ਘਰ ਵੀ ਇਨ੍ਹਾਂ ਘਰਾਂ ਵਿਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਸਫ਼ੀਕੁਲ ਇਸਲਾਮ ਦੀ ਹਿਰਾਸਤ ਵਿਚ ਮੌਤ ਹੋ ਗਈ ਸੀ ਤੇ ਭੀੜ ਨੇ ਥਾਣੇ ਨੂੰ ਅੱਗ ਲਾ ਦਿੱਤੀ ਸੀ। ਪੁਲੀਸ ਤੇ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਉਨ੍ਹਾਂ ਜ਼ਮੀਨ ਉਤੇ ਕਬਜ਼ਾ ਕੀਤਾ ਹੋਇਆ ਸੀ ਤੇ ਉਹ ਉੱਥੇ ‘ਫ਼ਰਜ਼ੀ ਦਸਤਾਵੇਜ਼ ਬਣਾ ਕੇ ਰਹਿ ਰਹੇ ਸਨ।’ ਅੱਗਜ਼ਨੀ ਦੀ ਘਟਨਾ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਇਸਲਾਮ ਦੀ ਹਿਰਾਸਤ ਵਿਚ ਹੋਈ ਮੌਤ ਦੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ। ਸੂਬੇ ਦੀਆਂ ਵਿਰੋਧੀ ਧਿਰਾਂ ਨੇ ਕਾਰਵਾਈ ਦੀ ਤਿੱਖੀ ਨਿਖੇਧੀ ਕੀਤੀ ਹੈ। ਸੱਤਾਧਾਰੀ ਭਾਜਪਾ ਨੇ ਪ੍ਰਸ਼ਾਸਨ ਦੀ ਕਾਰਵਾਈ ਦਾ ਬਚਾਅ ਕਰਦਿਆਂ ਅੱਗਜ਼ਨੀ ਲਈ ‘ਜਹਾਦੀਆਂ’ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੂਬਾਈ ਕਾਂਗਰਸ ਨੇ ਆਪਣੇ ਆਗੂ ਰਾਣਾ ਗੋਸਵਾਮੀ ਦੀ ਅਗਵਾਈ ’ਚ ਸੱਤ ਮੈਂਬਰੀ ਟੀਮ ਦਾ ਗਠਨ ਕਰਕੇ ਇਸ ਨੂੰ ਘਟਨਾ ਸਥਾਨ ’ਤੇ ਸਥਿਤੀ ਦਾ ਜਾਇਜ਼ਾ ਲੈਣ ਭੇਜਿਆ ਹੈ। ਕਮੇਟੀ ਵਿਚ ਸ਼ਾਮਲ ਹਲਕਾ ਵਿਧਾਇਕ ਸਬਿਾਮੋਨੀ ਬੋਰਾ ਨੇ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ ਹੈ ਤੇ ਉਹ ਘਟਨਾ ਪਿਛਲੇ ਕਾਰਨਾਂ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਨ। -ਪੀਟੀਆਈ
ਪੁਲੀਸ ਸਟੇਸ਼ਨ ’ਤੇ ਹਮਲਾ ‘ਸੰਗਠਿਤ ਅਤਿਵਾਦ’ ਦੀ ਘਟਨਾ: ਭਾਜਪਾ
ਭਾਜਪਾ ਨੇ ਪੁਲੀਸ ਸਟੇਸ਼ਨ ’ਤੇ ਹਮਲੇ ਨੂੰ ‘ਸੰਗਠਿਤ ਅਤਿਵਾਦ’ ਕਰਾਰ ਦਿੱਤਾ ਹੈ। ਸੱਤਾਧਾਰੀ ਭਾਜਪਾ ਨੇ ਦਾਅਵਾ ਕੀਤਾ ਕਿ ਅੱਗਜ਼ਨੀ ਦੀ ਇਸ ਘਟਨਾ ਪਿੱਛੇ ‘ਸਿਖ਼ਲਾਈ ਪ੍ਰਾਪਤ ਜਿਹਾਦੀਆਂ’ ਦਾ ਹੱਥ ਹੈ। ਭਗਵਾਂ ਕੈਂਪ ਨੇ ਸੰਪਤੀ ਢਹਿ-ਢੇਰੀ ਕਰਨ ਦਾ ਸਵਾਗਤ ਕੀਤਾ ਹੈ। ਭਾਜਪਾ ਦੇ ਸੀਨੀਅਰ ਬੁਲਾਰੇ ਰੰਜੀਵ ਕੁਮਾਰ ਸਰਮਾ ਨੇ ਦਾਅਵਾ ਕੀਤਾ ਕਿ ਬੰਗਲਾਦੇਸ਼ ਆਧਾਰਿਤ ਮੁਸਲਿਮ ਸ਼ਰਾਰਤੀ ਅਨਸਰਾਂ ਨੇ ਪੀਐਫਆਈ ਕੈਂਪਾਂ ਵਿਚ ਸਿਖਲਾਈ ਲੈ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। -ਪੀਟੀਆਈ